ਜਲੰਧਰ 'ਚ ਦੋ ਧਿਰਾਂ ਵਿਚਾਲੇ ਗੋਲੀ ਚੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਲੰਧਰ 'ਚ ਗੁੰਡਾਦਰਦੀ ਇਸ ਕਦਰ ਵਧ ਚੁੱਕੀ ਹੈ ਕਿ ਗੋਲੀ ਚਲਣੀ ਆਮ ਗੱਲ ਹੋ ਗਈ ਹੈ। ਆਏ ਦਿਨ ਜਲੰਧਰ ਦੇ ਵੱਖ-ਵੱਖ ਹਿਸਿਆਂ 'ਚ ਗੋਲੀ ਚੱਲਣ ਦੀਆਂ ਸੂਚਨਾਵਾਂ ਲਗਾਤਾਰ...

Firing

ਜਲੰਧਰ, 7 ਅਗੱਸਤ (ਮਨਵੀਰ ਸਿੰਘ ਵਾਲੀਆ, ਸੁਦੇਸ਼) : ਜਲੰਧਰ 'ਚ ਗੁੰਡਾਦਰਦੀ ਇਸ ਕਦਰ ਵਧ ਚੁੱਕੀ ਹੈ ਕਿ ਗੋਲੀ ਚਲਣੀ ਆਮ  ਗੱਲ ਹੋ ਗਈ ਹੈ। ਆਏ ਦਿਨ ਜਲੰਧਰ ਦੇ ਵੱਖ-ਵੱਖ ਹਿਸਿਆਂ 'ਚ ਗੋਲੀ ਚੱਲਣ ਦੀਆਂ ਸੂਚਨਾਵਾਂ ਲਗਾਤਾਰ ਮਿਲਦੀਆਂ ਆ ਰਹੀਆਂ ਹਨ। ਲੋਕ ਸ਼ਾਮ ਹੋਣ ਮਗਰੋਂ ਘਰਾਂ 'ਚੋਂ ਨਿਕਲਣ ਤੋਂ ਡਰਦੇ ਹਨ।
ਅੱਜ ਮਾਡਲ ਟਾਊਨ ਨਾਲ ਲਗਦੀ ਮਿੱਠਾਪੁਰ ਰੋਡ 'ਤੇ ਸਥਿਤ ਪੀ.ਪੀ.ਆਰ ਮਾਲ ਦੇ ਬਾਹਰ ਦੋ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ। ਟਕਰਾਅ ਦੌਰਾਨ ਖੁਲ੍ਹ ਕੇ ਫਾਇਰਿੰਗ ਵੀ ਕੀਤੀ ਗਈ। ਸਥਿਤੀ ਉਸ ਸਮੇਂ ਹੋਰ ਵੀ ਗੰਭੀਰ ਹੋ ਗਈ ਜਦੋਂ ਹਮਲਾਵਰਾਂ ਨੇ ਉਥੇ ਕਵਰੇਜ ਕਰਨ ਪੁੱਜੇ ਇਕ ਵੈਬ ਨਿਊਜ਼ ਪੋਰਟਲ ਦੇ ਪੱਤਰਕਾਰ ਅਤੇ ਫ਼ੋਟੋਗ੍ਰਾਫ਼ਰ ਦੀ ਕਾਰ ਉਤੇ ਵੀ ਗੋਲੀਆਂ ਚਲਾ ਦਿਤੀਆਂ। ਇਕ ਗੋਲੀ ਕਾਰ ਦੀ ਸੀਟ 'ਤੇ ਲੱਗੀ ਅਤੇ ਪਿਛਲੀ ਸੀਟ ਦੇ ਸ਼ੀਸ਼ੇ 'ਚ ਵੀ ਗੋਲੀ ਲੱਗੀ।
ਵੈੱਬ ਪੋਰਟਲ ਦੇ ਪੱਤਰਕਾਰ ਗਗਨ ਵਾਲੀਆ ਅਤੇ ਸੰਦੀਪ ਸਾਹੀ ਨੇ ਦਸਿਆ ਕਿ ਅੱਜ ਸ਼ਾਮ 4.17 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੀਪੀਆਰ ਮਾਲ ਵਿਖੇ ਦੋ ਧਿਰਾਂ ਵਿਚਾਲੇ ਹਿੰਸਕ  ਟਕਰਾਅ ਹੋ ਰਿਹਾ ਹੈ। ਜਦ ਉਹ ਉਥੇ ਪੁੱਜੇ ਤਾਂ ਇਕ ਹਮਲਾਵਰ ਨੇ ਉਨ੍ਹਾਂ ਦੀ ਕਾਰ ਉਪਰ ਵੀ ਗੋਲੀ ਚਲਾਈ। ਕਿਸੇ ਤਰ੍ਹਾਂ ਉਥੋਂ ਭੱਜ ਕੇ ਉਨ੍ਹਾਂ ਨੇ ਅਪਣੀ ਜਾਨ ਬਚਾਈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਏ.ਸੀਪੀ ਮਾਡਲ ਟਾਉੂਨ ਸਮੀਰ ਵਰਮਾ ਅਤੇ ਥਾਣਾ-7 ਦੇ ਮੁਖੀ ਕੁੰਵਰ ਵਿਜੇਪਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਦੇਰ ਸ਼ਾਮ ਤਕ ਇਸ ਸਬੰਧੀ ਮਾਮਲਾ ਦਰਜ ਕੀਤੇ ਜਾਣ ਦੀ ਕਾਰਵਾਈ ਚਲ ਰਹੀ ਸੀ।
ਘਟਨਾ ਸਥਾਨ ਤੋਂ ਇਹ ਵੀ ਚਰਚਾ ਸੁਣੀ ਗਈ ਕਿ ਗੋਲੀ ਚਲਾਉਣ ਵਾਲਾ ਇਕ ਕਾਂਗਰਸੀ ਵਿਧਾਇਕ ਦਾ ਪੁੱਤਰ ਸੀ। ਪਰ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਜਲੰਧਰ ਦੇ ਇਕ ਫਾਈਵ ਸਟਾਰ ਕਲਚਰ ਵਾਲੇ ਕਾਲਜ ਦੇ ਵਿਦਿਆਰਥੀ ਦੀ ਬੀਤੇ ਦਿਨ ਇਕ ਹੋਟਲ 'ਚ ਜਨਮ ਦਿਨ ਦੀ ਪਾਰਟੀ ਸੀ। ਜਿਥੇ ਦੋ ਧਿਰਾਂ ਦਾ ਵਿਵਾਦ ਹੋ ਗਿਆ। ਪਹਿਲਾਂ ਉਨ੍ਹਾਂ ਨੇ ਨਿਊ ਜਵਾਹਰ ਨਗਰ ਮਾਰਕੀਟ ਅਤੇ ਫੇਰ ਪੀਪੀਆਰ ਮਾਲ 'ਚ ਮਿਲ ਕੇ ਸਿੱਝਣ ਦਾ ਫੈਸਲਾ ਕੀਤਾ ਜਿਸ ਦੌਰਾਨ ਗੋਲੀ ਚੱਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।