ਜੀਐਸਟੀ : ਉਦਯੋਗਪਤੀਆਂ ਅੰਦਰ ਗੁੱਸਾ ਜ਼ਿਆਦਾ, ਖ਼ੁਸ਼ੀ ਘੱਟ
ਜੀਐਸਟੀ ਲਾਗੂ ਹੋਣ ਨਾਲ ਉਦਯੋਗਪਤੀ ਖ਼ੁਸ਼ ਵੀ ਹਨ ਤੇ ਗੁੱਸੇ ਵੀ। ਗੁੱਸੇ ਇਸ ਕਰ ਕੇ ਹਨ ਕਿ ਉਨ੍ਹਾਂ ਨੂੰ ਮਹੀਨੇ 'ਚ ਘੱਟੋ ਘੱਟ 2-3 ਵਾਰ ਰਿਟਰਨ ਭਰਨੀ ਪੈ ਰਹੀ ਹੈ ਯਾਨੀ 10
ਮੋਹਾਲੀ, 6 ਅਗੱਸਤ (ਸੁਖਦੀਪ ਸਿੰਘ ਸੋਈਂ) : ਜੀਐਸਟੀ ਲਾਗੂ ਹੋਣ ਨਾਲ ਉਦਯੋਗਪਤੀ ਖ਼ੁਸ਼ ਵੀ ਹਨ ਤੇ ਗੁੱਸੇ ਵੀ। ਗੁੱਸੇ ਇਸ ਕਰ ਕੇ ਹਨ ਕਿ ਉਨ੍ਹਾਂ ਨੂੰ ਮਹੀਨੇ 'ਚ ਘੱਟੋ ਘੱਟ 2-3 ਵਾਰ ਰਿਟਰਨ ਭਰਨੀ ਪੈ ਰਹੀ ਹੈ ਯਾਨੀ 10 ਦਿਨ ਬਾਅਦ ਰਿਟਰਨ ਭਰਨੀ ਪਵੇਗੀ ਜਦਕਿ ਪਹਿਲਾਂ ਇਕ ਸਾਲ ਬਾਅਦ ਰਿਟਰਨ ਭਰਨੀ ਪੈਂਦੀ ਸੀ।
ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ ਜਿਹੜੇ ਟਰੈਕਟਰ ਪਾਰਟਸ ਨੂੰ ਅਸੈਂਬਲ ਕਰਨ ਦਾ ਕੰਮ ਕਰਦੇ ਹਨ, ਨੇ ਕਿਹਾ ਕਿ ਵਾਰ ਵਾਰ ਰਿਟਰਨ ਭਰਨ ਨਾਲ ਉਨ੍ਹਾਂ ਦਾ ਲੇਖਾ ਜੋਖਾ ਕਰਨ ਵਾਲੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੀ ਗੱਲ ਹੈ ਕਿ ਅਜੇ ਵੀ ਕਈ ਗੱਲਾਂ ਸਪੱਸ਼ਟ ਨਹੀਂ। ਖ਼ੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਕੱਚਾ ਮਾਲ ਸਹੀ ਬਿਲਾਂ 'ਤੇ ਮਿਲੇਗਾ ਅਤੇ ਹੇਰਾਫੇਰੀ ਤੇ ਠੱਗੀ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਪਹਿਲਾਂ ਬਹੁਤ ਸਾਰਾ ਮਾਲ ਕੱਚਾ ਪੱਕੇ ਬਿਲਾਂ 'ਤੇ ਮਿਲਦਾ ਸੀ ਜਿਸ ਕਰ ਕੇ ਚੋਰੀ ਦੀ ਬਹੁਤ ਗੁੰਜਾਇਸ਼ ਹੁੰਦੀ ਸੀ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੀਐਸਟੀ ਲਾਗੂ ਹੋਣ ਨਾਲ ਦੋ ਨੰਬਰ ਦੀਆਂ ਕੰਪਨੀਆਂ ਦਾ ਲਗਭਗ ਭੋਗ ਪੈ ਗਿਆ ਹੈ। ਇਸ ਨਾਲ ਬਿਜ਼ਨਸ ਵਿਚ ਪਾਰਦਰਸ਼ਤਾ ਆਈ ਹੈ ਜਿਸ ਦਾ ਲੰਮੇ ਸਮੇਂ 'ਚ ਵਪਾਰੀ ਵਰਗ ਨੂੰ ਲਾਭ ਹੋਵੇਗਾ। ਪਰ ਕੁਲ ਮਿਲਾ ਕੇ ਗੁੱਸਾ ਜ਼ਿਆਦਾ ਹੈ ਤੇ ਖ਼ੁਸ਼ੀ ਘੱਟ।
ਵਿਵੇਕ ਕਪੂਰ ਜਿਹੜੇ ਜੈੱਲ ਬਾਥ ਫ਼ਿਟਿੰਗ ਦੇ ਪ੍ਰੋਪਰਾਇਟਰ ਹਨ, ਦਾ ਕਹਿਣਾ ਹੈ ਕਿ ਪਹਿਲਾਂ ਰਾਜ ਤੋਂ ਬਾਹਰ ਮਾਲ ਵੇਚਣ ਲਈ ਸੀ ਫ਼ਾਰਮ ਭਰਨਾ ਪੈਂਦਾ ਸੀ, ਉਸ ਦਾ ਵੀ ਹੁਣ ਫਾਹਾ ਵਢਿਆ ਗਿਆ ਹੈ ਤੇ ਉਦਯੋਗਪਤੀ ਹੁਣ ਜੀਐਸਟੀ ਦੀ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਕਿਤੇ ਵੀ ਵੇਚ ਸਕਦੇ ਹਨ। ਕੁੱਝ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਚੀਜ਼ਾਂ 'ਤੇ 28 ਫ਼ੀ ਸਦੀ ਜੀਐਸਟੀ ਲਗਿਆ ਹੈ, ਉਨ੍ਹਾਂ ਨੂੰ ਮਾਲ ਵੇਚਣ 'ਚ ਦਿੱਕਤ ਆ ਰਹੀ ਹੈ। ਮੋਹਾਲੀ ਇੰਡਸਟਰੀ ਐਸੋਸੀÂਸ਼ਨ ਦੇ ਪ੍ਰਧਾਨ ਗਗਨ ਛਾਬੜਾ ਦਾ ਕਹਿਣਾ ਹੈ ਕਿ ਜੀਐਸਟੀ ਲਾਗੂ ਕਰਨ 'ਚ ਸਰਕਾਰ ਨੇ ਬੇਹੱਦ ਕਾਹਲੀ ਕੀਤੀ ਹੈ। ਬਹੁਤੇ ਉਦਯੋਗਪਤੀਆਂ ਤੇ ਚਾਰਟਰਡ ਅਕਾਉਂਟੈਂਟਸ ਨੂੰ ਵੀ ਇਸ ਦੀ ਪੂਰੀ ਸਮਝ ਨਹੀਂ ਆ ਰਹੀ ਜਿਸ ਕਰ ਕੇ ਹਿਸਾਬ ਕਿਤਾਬ ਕਰਨ ਵਿਚ ਦਿੱਕਤਾਂ ਆ ਰਹੀਆਂ ਹਨ।
ਉਦਯੋਗਪਤੀ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵਪਾਰੀ ਪਹਿਲਾਂ ਟੈਕਸ ਚੋਰੀ ਕਰਦਾ ਸੀ, ਹੁਣ ਨਹੀਂ ਕਰ ਸਕੇਗਾ। ਜੀਐਸਟੀ ਲੱਗਣ ਨਾਲ ਉਨ੍ਹਾਂ ਦਾ ਅਪਣੀਆਂ ਕਿਤਾਬਾਂ 'ਚੋਂ ਹਿਸਾਬ ਕਿਤਾਬ ਠੀਕ ਰਹੇਗਾ ਜਿਸ ਨਾਲ ਪਾਰਦਰਸ਼ਤਾ ਵਧੇਗੀ ਤੇ ਚੋਰ ਬਾਜ਼ਾਰੀ ਘਟੇਗੀ।