ਸਿਆਸੀ ਵਿਰੋਧੀਆਂ ਨੂੰ ਅਪਣੇ ਵਰਕਰਾਂ ਤੋਂ ਖ਼ਤਮ ਕਰਵਾ ਰਹੀ ਹੈ ਖੱਬੇ ਮੋਰਚੇ ਦੀ ਸਰਕਾਰ : ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੇਰਲ ਵਿਚ ਖੱਬੇ ਮੋਰਚੇ ਦੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਸਿਆਸੀ ਵਿਰੋਧੀਆਂ ਦੀ ਬੇਰਹਿਮੀ ਨਾਲ ਹਤਿਆ ਕਰਵਾ ਰਹੀ ਹੈ।

Jailtey


ਤਿਰੂਵਨੰਤਪੁਰਮ, 6 ਅਗੱਸਤ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੇਰਲ ਵਿਚ ਖੱਬੇ ਮੋਰਚੇ ਦੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਸਿਆਸੀ ਵਿਰੋਧੀਆਂ ਦੀ ਬੇਰਹਿਮੀ ਨਾਲ ਹਤਿਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਸੂਬੇ ਵਿਚ ਐਲ.ਡੀ.ਐਫ਼. ਸਰਕਾਰ ਨੇ ਸੱਤਾ ਸੰਭਾਲੀ ਹੈ, ਹਿੰਸਕ ਘਟਨਾਵਾਂ ਵਿਚ ਵਧ ਗਈਆਂ ਹਨ। ਜੇਤਲੀ ਨੇ ਸਿਆਸੀ ਹਿੰਸਾ ਦਾ ਸ਼ਿਕਾਰ ਬਣੇ ਆਰ.ਐਸ.ਐਸ. ਵਰਕਰ ਰਾਜੇਸ਼ ਦੇ ਮਾਤਾ-ਪਿਤਾ ਅਤੇ ਵਿਧਵਾ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਜੇਤਲੀ ਦੀ ਇਸ ਫੇਰੀ ਨੂੰ ਸੀ.ਪੀ.ਐਮ. ਵਰਕਰਾਂ ਵਲੋਂ ਕਥਿਤ ਤੌਰ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਕੌਮੀ ਪੱਧਰ 'ਤੇ ਉਛਾਲਣ ਦਾ ਭਾਜਪਾ ਨੇ ਯਤਨ ਕੀਤਾ ਹੈ।
ਅਰੁਣ ਜੇਤਲੀ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਕੇ. ਰਾਜਸ਼ੇਖਰਨ ਅਤੇ ਹੋਰ ਆਗੂ ਵੀ ਮੌਜੂਦ ਸਨ। ਕੇਰਲ ਵਿਚਲੇ ਸਿਆਸੀ
ਹਾਲਾਤ ਦਾ ਜਾਇਜ਼ਾ ਲੈਣ ਲਈ ਜੇਤਲੀ ਵਿਸ਼ੇਸ਼ ਜਹਾਜ਼ ਰਾਹੀਂ ਪੁੱਜੇ ਸਨ। ਸੂਤਰਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਰੀਪੋਰਟ ਪੇਸ਼ ਕਰ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਇਕ ਪੇਸ਼ੇਵਰ ਅਪਰਾਧੀ ਦੀ ਅਗਵਾਈ ਵਾਲੇ ਗਰੋਹ ਨੇ 29 ਜੁਲਾਈ ਨੂੰ ਰਾਜੇਸ਼ ਦੀ ਹਤਿਆ ਕਰ ਦਿਤੀ ਸੀ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਹਤਿਆ ਲਈ ਸੀ.ਪੀ.ਐਮ.  ਦੇ ਵਰਕਰ ਜ਼ਿੰਮੇਵਾਰ ਹਨ। ਭਾਜਪਾ ਦੇ ਸੰਸਦ ਵਿਚ ਇਹ ਮਸਲਾ ਉਠਾਉਂਦਿਆਂ ਕਿਹਾ ਸੀ ਕਿ ਕੇਰਲ ਹਤਿਆਵਾਂ ਦਾ ਮੈਦਾਨ ਬਣ ਗਿਆ ਹੈ।
ਜੇਤਲੀ ਦੀ ਕੇਰਲ ਫੇਰੀ ਅਜਿਹੇ ਸਮੇਂ ਹੋਈ ਹੈ ਜਦੋਂ ਆਰ.ਐਸ.ਐਸ. ਵਲੋਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਮਾਮਲੇ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

(ਏਜੰਸੀ)