ਅਮਰੀਕਾ ਦੇ ਟੈਨੇਸੀ ਸੂਬੇ ਨੇ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕੀਤਾ ਸਿੱਖ ਧਰਮ
ਅਮਰੀਕਾ ਦੇ ਟੈਨੇਸੀ ਸੂਬੇ ਦੇ ਸਿਖਿਆ ਬੋਰਡ ਨੇ ਸਮਾਜਕ ਸਿਖਿਆ ਵਿਸ਼ੇ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ ਜਿਸ ਨਾਲ ਨਵੇਂ ਵਿਦਿਅਕ ਵਰ੍ਹੇ ਤੋਂ ਸਕੂਲੀ
ਨੈਸ਼ਵਿਲੇ (ਟੈਨੇਸੀ), 5 ਅਗੱਸਤ : ਅਮਰੀਕਾ ਦੇ ਟੈਨੇਸੀ ਸੂਬੇ ਦੇ ਸਿਖਿਆ ਬੋਰਡ ਨੇ ਸਮਾਜਕ ਸਿਖਿਆ ਵਿਸ਼ੇ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ ਜਿਸ ਨਾਲ ਨਵੇਂ ਵਿਦਿਅਕ ਵਰ੍ਹੇ ਤੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਬਾਰੇ ਵਡਮੁੱਲੀ ਜਾਣਕਾਰੀ ਉਪਲਭਧ ਕਰਵਾਈ ਜਾਵੇਗੀ।
ਸਿੱਖ ਕੋਲੀਸ਼ਨ ਦੇ ਅੰਤਰਮ ਮੈਨੇਜਿੰਗ ਡਾਇਰੈਕਟਰ (ਪ੍ਰੋਗਰਾਮਜ਼) ਰਾਜਦੀਪ ਸਿੰਘ ਨੇ ਟੈਨੇਸੀ ਸਕੂਲ ਬੋਰਡ ਵਲੋਂ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਹਰ ਵਿਦਿਆਰਥੀ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੋਵੇਗੀ ਅਤੇ ਸਿੱਖਾਂ ਨੂੰ 9/11 ਤੋਂ ਬਾਅਦ ਪੈਦਾ ਹੋਏ ਹਾਲਾਤ ਦਾ ਮੁੜ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦਸਿਆ ਕਿ ਅਕਤੂਬਰ 2016 ਵਿਚ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤੇ ਜਾਣ ਦੀ ਗੁਜ਼ਾਰਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਦੁਨੀਆਂ ਦਾ ਸੱਭ ਆਧੁਨਿਕ ਅਤੇ ਪੰਜਵਾਂ ਵੱਡਾ ਧਰਮ ਹੋਣ ਦੀ ਦਲੀਲ ਦਿੰਦਿਆਂ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਬਾਰੇ ਵਿਸਤਾਰਤ ਜਾਣਕਾਰੀ ਉਪਲਭਧ ਕਰਵਾਏ ਜਾਣ ਲਈ ਆਖਿਆ ਗਿਆ ਸੀ।
ਇਥੇ ਦਸਣਾ ਬਣਦਾ ਹੈ ਕਿ ਕੈਲੇਫ਼ੋਰਨੀਆ, ਇਦਾਹੋ, ਨਿਊ ਜਰਸੀ, ਨਿਊ ਯਾਰਕ ਅਤੇ ਟੈਕਸਾਸ ਸੂਬਿਆਂ ਦੇ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਪਹਿਲਾਂ ਹੀ ਸ਼ਾਮਲ ਕੀਤਾ ਜਾ ਚੁੱਕਾ ਹੈ। ਰਾਜਦੀਪ ਸਿੰਘ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਦੁਨੀਆਂ ਦੇ ਹਰ ਵਿਕਸਤ ਮੁਲਕ ਵਿਚ ਸਿੱਖ ਵਸਦੇ ਹਨ ਅਤੇ ਅਜਿਹੇ ਵਿਚ ਸਿੱਖੀ ਪਛਾਣ ਅਤੇ ਸਿਧਾਂਤਾਂ ਬਾਰੇ ਦੁਨੀਆਂ ਨੂੰ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। (ਏਜੰਸੀ)