ਸੰਸਦ ਵਿਚ 17ਵੇਂ ਦਿਨ ਵੀ ਕਾਵਾਂ-ਰੌਲੀ, ਕੋਈ ਕੰਮ ਨਾ ਹੋਇਆ
ਸਪੀਕਰ ਨੇ ਮੌਕੇ 'ਤੇ 80 ਸਮਰਥਕ ਹੋਣ ਦੇ ਬਾਵਜੂਦ ਬੇਭਰੋਸਗੀ ਮਤਾ ਅੱਗੇ ਨਾ ਵਧਾਇਆ
ਬਜਟ ਇਜਲਾਸ ਦੇ ਦੂਜੇ ਦੌਰ ਵਿਚ ਲਗਾਤਾਰ ਮੁਲਤਵੀ ਹੋ ਰਹੀ ਕਾਰਵਾਈ ਅੱਜ ਵੀ ਨਹੀਂ ਚੱਲ ਸਕੀ ਅਤੇ ਸਦਨ ਵਿਚ ਖ਼ਰਾਬ ਮਾਹੌਲ ਦਾ ਹਵਾਲਾ ਦਿੰਦਿਆਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਈ ਵਿਰੋਧੀ ਪਾਰਟੀਆਂ ਦੇ ਬੇਭਰੋਸਗੀ ਮਤੇ ਨੂੰ ਅੱਗ ਵਧਾਉਣ ਵਿਚ ਅਸਮਰੱਥਾ ਪ੍ਰਗਟ ਕੀਤੀ ਅਤੇ ਸਦਨ ਦੀ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ। ਇਕ ਵਾਰ ਕਾਰਵਾਈ ਰੁਕਣ ਮਗਰੋਂ ਦੁਪਹਿਰ 12 ਵਜੇ ਸਦਨ ਦੀ ਬੈਠਕ ਫਿਰ ਸ਼ੁਰੂ ਹੋਈ ਤਾਂ ਫਿਰ ਰੌਲਾ ਪੈਣਾ ਸ਼ੁਰੂ ਹੋ ਗਿਆ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਸਦਨ ਵਿਚ ਕੰਮਕਾਜ ਨਾ ਹੋਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ, 'ਪਹਿਲੇ ਦਿਨ ਤੋਂ ਸਦਨ ਵਿਚ ਕਾਂਗਰਸ ਨੇ ਕੰਮਕਾਜ ਰੋਕਿਆ ਹੈ।
ਕਲ ਵੀ ਬਭਰੋਸਗੀ ਮਤੇ ਦੇ ਸਮਰਥਨ ਵਿਚ ਕਾਂਗਰਸ ਦੇ ਮੈਂਬਰ ਨੰਬਰ ਵਾਲੇ ਪਲੈਕਾਰਡ ਲੈ ਕੇ ਆਏ ਜੋ ਸਦਨ ਦੀ ਵਿਵਸਥਾ ਵਿਰੁਧ ਹੈ। ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਮਤੇ ਦੇ ਸਮਰਥਨ ਵਿਚ ਘੱਟੋ ਘੱਟੋ 50 ਜਣੇ ਹੋਣੇ ਚਾਹੀਦੇ ਹਨ ਅਤੇ ਅਸੀਂ 80 ਤੋਂ ਵੱਧ ਇਥੇ ਖੜੇ ਹਾਂ। ਅੰਨਾਡੀਐਮਕੇ ਦੇ ਮੈਂਬਰਾਂ ਕਾਰਨ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਸਪੀਕਰ ਨੇ ਰੌਲੇ ਦੌਰਾਨ ਹੀ ਚੇਤਾਵਨੀ ਦਿਤੀ ਕਿ ਜੇ ਇੰਜ ਚਲਦਾ ਰਿਹਾ ਤਾਂ ਕਾਰਵਾਈ ਅਣਮਿੱਥੇ ਸਮੇਂ ਲਈ ਰੋਕ ਦਿਤੀ ਜਾਵੇਗੀ। ਜਦ ਰੌਲਾ ਨਾ ਰੁਕਿਆ ਤਾਂ ਸਪੀਕਰ ਨੇ ਸਦਨ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਹੁਣ ਸਦਨ ਦੀ ਅਗਲੀ ਬੈਠਕ ਛੁੱਟੀਆਂ ਕਾਰਨ ਦੋ ਅਪ੍ਰੈਲ ਸੋਮਵਾਰ ਨੂੰ ਹੋਵੇਗੀ। (ਏਜੰਸੀ)