ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ, ਅਲਟੋ ਵਾਲਿਆਂ ਨੂੰ ਰਾਹਤ
ਹੁਣ ਬੁਲੇਟ ਮੋਟਰਸਾਈਕਲ ਰੱਖਣ ਵਾਲੇ ਸ਼ੌਕੀਨਾਂ ਨੂੰ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਨੇ ਝਟਕਾ ਦਿਤਾ ਹੈ ਕਿਉਂਕਿ ਅਥਾਰਟੀ ਨੇ
ਨਵੀਂ ਦਿੱਲੀ : ਹੁਣ ਬੁਲੇਟ ਮੋਟਰਸਾਈਕਲ ਰੱਖਣ ਵਾਲੇ ਸ਼ੌਕੀਨਾਂ ਨੂੰ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਨੇ ਝਟਕਾ ਦਿਤਾ ਹੈ ਕਿਉਂਕਿ ਅਥਾਰਟੀ ਨੇ ਇਸ ਦਾ ਥਰਡ ਪਾਰਟੀ ਬੀਮਾ ਮਹਿੰਗਾ ਕਰ ਦਿਤਾ ਹੈ। ਹੁਣ ਉਨ੍ਹਾਂ ਨੂੰ ਬੀਮੇ ਲਈ ਪਹਿਲਾਂ ਤੋਂ ਜ਼ਿਆਦਾ ਰਕਮ ਭਰਨੀ ਪਵੇਗੀ।
ਅਥਾਰਟੀ ਨੇ ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਮ ਦੇ ਨਵੇਂ ਰੇਟ ਜਾਰੀ ਕਰ ਦਿਤੇ ਹਨ। ਆਈਆਰਡੀਏਆਈ ਨੇ ਕੁੱਝ ਕਾਰ ਅਤੇ ਬਾਈਕ ਮਾਲਕਾਂ ਨੂੰ ਰਾਹਤ ਦਿਤੀ ਹੈ। ਹਾਲਾਂਕਿ ਵਪਾਰਕ ਵਾਹਨਾਂ ਜਿਵੇਂ ਕਿ ਟਰੱਕ ਦਾ ਪ੍ਰੀਮੀਅਮ ਮਹਿੰਗਾ ਹੋ ਗਿਆ ਹੈ। ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਮ ਦੇ ਨਵੇਂ ਰੇਟ 1 ਅਪ੍ਰੈਲ 2018 ਤੋਂ ਲਾਗੂ ਹੋ ਜਾਣਗੇ।
ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਜਿਨ੍ਹਾਂ ਕਾਰ ਅਤੇ ਬਾਈਕ ਮਾਲਕਾਂ ਨੂੰ ਰਾਹਤ ਦਿਤੀ ਹੈ, ਉਨ੍ਹਾਂ 'ਚ ਸਿਰਫ਼ 1000 ਸੀਸੀ ਤਕ ਦੀ ਕਾਰ ਅਤੇ 75 ਸੀਸੀ ਤਕ ਦੇ ਮੋਟਰਸਾਈਕਲ ਸ਼ਾਮਲ ਹਨ। ਨਵੇਂ ਰੇਟ ਮੁਤਾਬਕ ਹੁਣ 1000 ਸੀਸੀ ਤਕ ਦੀ ਪ੍ਰਾਈਵੇਟ ਕਾਰ ਲਈ 2,055 ਦੀ ਜਗ੍ਹਾ ਸਿਰਫ਼ 1850 ਰੁਪਏ ਪ੍ਰੀਮੀਅਮ ਭਰਨਾ ਪਵੇਗਾ, ਯਾਨੀ ਆਲਟੋ ਵਰਗੀਆਂ ਕਾਰਾਂ ਦੇ ਮਾਲਕਾਂ ਨੂੰ ਰਾਹਤ ਮਿਲ ਗਈ ਹੈ, ਜਦੋਂ ਕਿ 1000 ਸੀਸੀ ਤੋਂ ਵੱਡੇ ਇੰਜਣ ਵਾਲੀਆਂ ਕਾਰਾਂ ਦੇ ਪ੍ਰੀਮੀਅਮ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
1000 ਸੀਸੀ ਤੋਂ 1500 ਸੀਸੀ ਇੰਜਣ ਸਮਰੱਥਾ ਵਾਲੀ ਕਾਰ ਲਈ 2,863 ਰੁਪਏ ਹੀ ਚੁਕਾਉਣੇ ਪੈਣਗੇ। ਜੇਕਰ ਕਾਰ ਦਾ ਇੰਜਣ 1500 ਸੀਸੀ ਤੋਂ ਵੱਡਾ ਹੈ, ਤਾਂ ਪ੍ਰੀਮੀਅਮ ਦੀ ਰਕਮ 7,890 ਰੁਪਏ ਹੋਵੇਗੀ। ਉਥੇ ਹੀ 75 ਸੀਸੀ ਤਕ ਦੀ ਬਾਈਕ ਦਾ ਪ੍ਰੀਮੀਅਮ ਹੁਣ 427 ਰੁਪਏ ਹੋਵੇਗਾ, ਜੋ ਪਹਿਲਾਂ 569 ਰੁਪਏ ਸੀ। 75 ਸੀਸੀ ਤੋਂ ਵਧ ਅਤੇ 150 ਸੀਸੀ ਤਕ ਦੇ ਇੰਜਣ ਵਾਲੀ ਬਾਈਕ ਦਾ ਪ੍ਰੀਮੀਅਮ 720 ਰੁਪਏ ਹੀ ਹੈ। ਉੱਥੇ ਹੀ ਹੁਣ ਬੁਲੇਟ ਮੋਟਰਸਾਈਕਲ ਦਾ ਥਰਡ ਪਾਰਟੀ ਪ੍ਰੀਮੀਅਮ ਮਹਿੰਗਾ ਹੋ ਗਿਆ ਹੈ।
ਹੁਣ 150 ਸੀਸੀ ਤੋਂ ਵਧ ਅਤੇ 350 ਸੀਸੀ ਤਕ ਦੇ ਇੰਜਣ ਵਾਲੀ ਬਾਈਕ ਲਈ 985 ਰੁਪਏ ਪ੍ਰੀਮੀਅਮ ਭਰਨਾ ਹੋਵੇਗਾ, ਜੋ ਪਹਿਲਾਂ 887 ਰੁਪਏ ਸੀ। ਬਾਈਕ 350 ਸੀਸੀ ਤੋਂ ਵਧ ਸਮਰੱਥਾ ਦੇ ਇੰਜਣ ਵਾਲੀ ਹੈ, ਤਾਂ ਤੁਹਾਨੂੰ 2,323 ਰੁਪਏ ਭਰਨੇ ਪੈਣਗੇ, ਜੋ ਹੁਣ ਤਕ 1,019 ਰੁਪਏ ਸੀ।
ਮੋਟਰ ਵਾਹਨ ਐਕਟ ਦੇ ਨਿਯਮਾਂ ਤਹਿਤ ਸਾਰੇ ਵਾਹਨਾਂ ਲਈ ਥਰਡ ਪਾਰਟੀ ਮੋਟਰ ਬੀਮਾ ਕਰਾਉਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਵਾਲਿਆਂ 'ਤੇ ਜੁਰਮਾਨਾ ਲੱਗਦਾ ਹੈ। ਇਸ ਦੇ ਇਲਾਵਾ ਜੇਕਰ ਤੁਹਾਡੇ ਵਾਹਨ ਦਾ ਥਰਡ ਪਾਰਟੀ ਬੀਮਾ ਨਹੀਂ ਕਰਵਾਇਆ ਹੈ ਅਤੇ ਤੁਹਾਡੇ ਵਾਹਨ ਨਾਲ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਪੂਰੀ ਦੇਣਦਾਰੀ ਜਾਂ ਮੁਆਵਜ਼ਾ ਤੁਹਾਨੂੰ ਖ਼ੁਦ ਨੂੰ ਸਹਿਣ ਕਰਨਾ ਹੋਵੇਗਾ। ਥਰਡ ਪਾਰਟੀ ਮੋਟਰ ਬੀਮਾ ਕਵਰ ਹੋਣ 'ਤੇ ਇਹ ਦੇਣਦਾਰੀ ਬੀਮਾ ਕੰਪਨੀ ਸਹਿਣ ਕਰਦੀ ਹੈ।