ਜੂਨ ਤੋਂ ਲੈ ਕੇ ਅਗਲੇ ਚਾਰ ਮਹੀਨਿਆਂ ਵਿਚ ਹੋ ਸਕਦੀ ਹੈ ਭਾਰੀ ਬਾਰਿਸ਼
ਪੰਜਾਬ-ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਤੰਬਰ ਤਕ ਚੋਖਾ ਮੀਂਹ ਪੈ ਸਕਦਾ ਹੈ।
ਨਵੀਂ ਦਿੱਲੀ: ਮੌਸਮ ਵਿਗਿਆਨੀਆਂ ਨੇ ਮਾਨਸੂਮ ਬਾਰੇ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਵਾਰ ਮਾਨਸੂਨ ਮਜ਼ਬੂਤ ਰਹਿਣ ਵਾਲਾ ਹੈ। ਦੇਸ਼ ਦੇ ਸੀਨੀਅਰ ਮੌਸਮ ਅਧਿਕਾਰੀ ਡਾ. ਕੇਜੇ ਕਮੇਸ਼ ਮੁਤਾਬਕ ਪਹਿਲਾਂ ਖ਼ਦਸ਼ਾ ਸੀ ਕਿ ਅਲ ਨੀਨੋ ਦੀ ਸੰਭਾਵਨਾ ਕਾਰਨ ਮਾਨਸੂਨ ਕਮਜ਼ੋਰ ਹੋ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੌਸਮ ਮਾਹਰਾਂ ਦਾ ਤਰਕ ਹੈ ਕਿ ਮਾਨਸੂਨ ਹਵਾਵਾਂ ਭਾਰਤ ਵਿਚ ਕੇਰਲ ਵੱਲੋਂ ਦਾਖ਼ਲ ਹੁੰਦੀਆਂ ਹਨ 'ਤੇ ਇਸ ਵਾਰ ਇਨ੍ਹਾਂ ਦੀ ਆਮਦ ਪਹਿਲੀ ਜੂਨ ਤਕ ਹੋ ਸਕਦੀ ਹੈ। ਅਜਿਹੇ ਵਿਚ ਪੰਜਾਬ-ਰਾਜਸਥਾਨ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਤੰਬਰ ਤਕ ਚੋਖਾ ਮੀਂਹ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਮਜ਼ਬੂਤ ਅਲ ਨੀਨੋ ਕਾਰਨ ਆਸਟ੍ਰੇਲੀਆ, ਦੱਖਣ ਪੂਰਬੀ ਏਸ਼ੀਆ ਸਮੇਤ ਭਾਰਤ ਵਿਚ ਸੋਕੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਪਰ ਹੁਣ ਮੌਸਮ ਵਿਭਾਗ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਬਾਰਿਸ਼ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਜੂਨ ਤੋਂ ਲੈ ਕੇ ਅਗਲੇ ਚਾਰ ਮਹੀਨਿਆਂ ਵਿਚ 96 ਤੋਂ ਲੈ ਕੇ 104% ਤਕ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੌਨਸੂਨ ਦੀ ਆਮਦ ਬਾਰੇ ਅਧਿਕਾਰਤ ਐਲਾਨ ਅਪਰੈਲ ਦੇ ਮਹੀਨੇ ਵਿਚ ਕਰ ਸਕਦਾ ਹੈ।