ਦੇਸ਼ 'ਚ ਸੜਕਾਂ ’ਤੇ ਦੌੜ ਰਹੇ ਹਨ ਚਾਰ ਕਰੋੜ ਪੁਰਾਣੇ ਵਾਹਨ, ‘ਗਰੀਨ ਟੈਕਸ’ ਲਗਾਉਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਸਾਲ ਤੋਂ ਵੱਧ ਪੁਰਾਣੇ ਚਾਰ ਕਰੋੜ ਵਾਹਨਾਂ ਵਿਚੋਂ 2 ਕਰੋੜ ਵਾਹਨ ਤਾਂ 20 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ।

transport

ਨਵੀਂ ਦਿੱਲੀ: ਦੇਸ਼ ਭਰ ਦੀਆਂ ਸੜਕਾਂ ’ਤੇ 15 ਸਾਲ ਤੋਂ ਵੱਧ ਪੁਰਾਣੇ 4 ਕਰੋੜ ਵਾਹਨ ਦੌੜ ਰਹੇ ਹਨ, ਜੋ ਜਲਦੀ ਹੀ ‘ਗਰੀਨ ਟੈਕਸ’ ਦੇ ਦਾਇਰੇ ਵਿਚ ਆਉਣ ਵਾਲੇ ਹਨ। ਕਰਨਾਟਕ ਇਸ ਵਿਚ ਸਿਖਰ ’ਤੇ ਹੈ, ਜਿਥੇ 70 ਲੱਖ ਤੋਂ ਵੱਧ ਪੁਰਾਣੇ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਦੇਸ਼ ਭਰ ਵਿਚ ਅਜਿਹੇ ਵਾਹਨਾਂ ਦੇ ਅੰਕੜਿਆਂ ਨੂੰ ਡਿਜੀਟਲ ਕੀਤਾ ਹੈ। ਹਾਲਾਂਕਿ, ਇਸ ਵਿਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ ਤੇ ਲਕਸ਼ਦੀਪ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਰਿਕਾਰਡ ਉਪਲਬਧ ਨਹੀਂ ਸਨ।  

ਅਜਿਹੇ ਵਾਹਨਾਂ ’ਤੇ ‘ਗਰੀਨ ਟੈਕਸ’ ਲਗਾਉਣ ਦਾ ਪ੍ਰਸਤਾਵ ਸੂਬਿਆਂ ਨੂੰ ਪਹਿਲਾਂ ਹੀ ਭੇਜਿਆ ਜਾ ਚੁਕਾ ਹੈ। 15 ਸਾਲ ਤੋਂ ਵੱਧ ਪੁਰਾਣੇ ਚਾਰ ਕਰੋੜ ਵਾਹਨਾਂ ਵਿਚੋਂ 2 ਕਰੋੜ ਵਾਹਨ ਤਾਂ 20 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ। ਸਰਕਾਰ ਵਾਤਾਵਰਣ ਸੁਰੱਖਿਆ ਤੇ ਪ੍ਰਦੂਸ਼ਣ ਉਤੇ ਰੋਕ ਲਈ ਅਜਿਹੇ ਪੁਰਾਣੇ ਵਾਹਨਾਂ ’ਤੇ ਜਲਦੀ ਹੀ ਗਰੀਨ ਟੈਕਸ ਲਾਉਣ ਦੀ ਤਿਆਰੀ ਕਰ ਰਹੀ ਹੈ। 

ਪੁਰਾਣੇ ਪ੍ਰਦੁਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਨਜ਼ਰ ਤੋਂ ਉਤਰ ਪ੍ਰਦੇਸ਼ ਦੂਜੇ ਸਥਾਨ ’ਤੇ ਹੈ। ਉਤਰ ਪ੍ਰਦੇਸ਼ ਵਿਚ ਅਜਿਹੇ ਵਾਹਨਾਂ ਦੀ ਗਿਣਤੀ 56.54 ਲੱਖ ਹੈ, ਜਿਨ੍ਹਾਂ ਵਿਚੋਂ 24.55 ਲੱਖ ਵਾਹਨ 20 ਸਾਲ ਤੋਂ ਜ਼ਿਆਦਾ ਪੁਰਾਣੇ ਹਨ। ਰਾਜਧਾਨੀ ਦਿੱਲੀ 49.93 ਲੱਖ ਵਾਹਨਾਂ ਨਾਲ ਤੀਜੇ ਸਥਾਨ ’ਤੇ ਹੈ। ਕੇਰਲ ਵਿਚ ਅਜਿਹੇ ਵਾਹਨਾਂ ਦੀ ਗਿਣਤੀ 34.64 ਲੱਖ, ਤਾਮਿਲਨਾਡੂ ਵਿਚ 33.43 ਲੱਖ, ਪੰਜਾਬ ਵਿਚ 25.38 ਲੱਖ ਅਤੇ ਪਛਮੀ ਬੰਗਾਲ ਵਿਚ 22.69 ਲੱਖ ਹੈ। ਮਹਾਂਰਾਸ਼ਟਰ, ਉੜੀਸਾ, ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਵਿਚ ਅਜਿਹੇ ਵਾਹਨਾਂ ਦੀ ਗਿਣਤੀ 17.58 ਲੱਖ ਤੋਂ 12.29 ਲੱਖ ਵਿਚਾਲੇ ਹੈ। ਸੜਕ ਆਵਾਜ਼ਾਈ ਅਤੇ ਰਾਜਮਾਰਗ ਮੰਤਰੀ ਨੀਤਿਨ ਗਡਕਰੀ ਨੇ ਇਸ ਸਾਲ ਜਨਵਰੀ ਵਿਚ ਪ੍ਰਦੁਸ਼ਣ ਫੈਲਾਉਣ ਵਾਲੇ ਪੁਰਾਣੇ ਵਾਹਨਾਂ ’ਤੇ ਹਰਿਆਲੀ ਟੈਕਸ ਲਗਾਉਣ ਦਾ ਪ੍ਰਸਤਾਵ ਦਿਤਾ ਸੀ।