ਚੰਡੀਗੜ੍ਹ ਮੁੱਦੇ 'ਤੇ ਸੰਸਦ 'ਚ ਬੋਲੇ MP ਜਸਬੀਰ ਗਿੱਲ - 'ਪੰਜਾਬ ਨੂੰ ਲਗਾਈ ਜਾ ਰਹੀ ਹੈ ਢਾਹ'
ਛੇਤੀ ਤੋਂ ਛੇਤੀ ਨੋਟੀਫੀਕੇਸ਼ਨ ਰੱਦ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ : ਖਡੂਰ ਸਾਹਿਬ ਤੋਂ ਕਾਂਗਰਸ ਦੇ ਆਗੂ ਅਤੇ ਸੰਸਦ ਮੈਂਬਰ ਜਸਬੀਰ ਗਿੱਲ ਡਿੰਪਾ ਨੇ ਲੋਕ ਸਭਾ ਵਿਚ ਪੰਜਾਬ ਦੇ ਕਈ ਮੁੱਦੇ ਚੁੱਕੇ। ਉਨ੍ਹਾਂ ਕਿਹਾ ਕਿ ਮੈਂ ਅੱਜ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਲਈ ਅੱਜ ਸੰਸਦ ਵਿਚ ਆਇਆ ਹਾਂ। ਡਿੰਪਾ ਨੇ ਕਿਹਾ ਕਿ ਅੱਜ ਪੰਜਾਬ ਗੁੱਸੇ ਵਿਚ ਹੈ ਕਿਉਂਕਿ ਪੰਜਾਬ ਨੂੰ ਹਰ ਪਾਸੇ ਤੋਂ ਢਾਹ ਲਗਾਈ ਜਾ ਰਹੀ ਹੈ।
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸੇਵਾ ਨਿਯਮਾਂ ਦੇ ਦਾਇਰੇ ਵਿਚ ਲਿਆਉਣ ਦਾ ਮੁੱਦਾ ਉਠਾਉਂਦਿਆਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਚੰਡੀਗੜ੍ਹ ਵਿਚ ਜੋ ਪੰਜਾਬ ਦੀ 60 ਫ਼ੀਸਦੀ ਹਿੱਸੇਦਾਰੀ ਸੀ ਉਸ ਨੂੰ ਪੂਰਾ ਹੀ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਥੇ ਕੇਂਦਰ ਵਲੋਂ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਂਸਦ ਜਸਬੀਰ ਗਿੱਲ ਡਿੰਪਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕਰ ਦਿਤੇ ਗਏ ਹਨ ਜੋ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਪਾਣੀ ਲੈ ਲਏ ਗਏ ਅਤੇ ਫਿਰ ਜ਼ਮੀਨ ਪਰ ਹੁਣ ਜੋ ਕੁਝ ਸਦਾ ਇੱਜ਼ਤ-ਮਾਨ ਬੱਚਿਆਂ ਹੈ ਉਸ ਨੂੰ ਹੱਥ ਪਾਇਆ ਗਿਆ ਹੈ, ਜਿਹੜਾ ਸਾਨੂ ਕਦੇ ਵੀ ਕਬੂਲ ਨਹੀਂ ਹੈ। ਡਿੰਪਾ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਅਤੇ ਚੰਡੀਗੜ੍ਹ ਵਿਚ ਪਹਿਲਾਂ ਤੋਂ ਚੱਲੇ ਆ ਰਹੇ ਪੰਜਾਬ ਦੇ ਨਿਯਮਾਂ ਨੂੰ ਜਿਵੇਂ ਦਾ ਤਿਵੇਂ ਰਹਿਣ ਦਿਤਾ ਜਾਵੇ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੌਰੇ 'ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸੇਵਾ ਨਿਯਮਾਂ ਦੇ ਦਾਇਰੇ ਵਿਚ ਲਿਆਉਣ ਦੇ ਐਲਾਨ ਕੀਤਾ ਗਿਆ ਸੀ ਜਿਸ ਦਾ ਪੰਜਾਬ ਵਿਚ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਲੋਕ ਸਭਾ ਵਿਚ ਲਗਾਤਾਰ ਪੰਜਾਬ ਦੇ ਆਗੂਆਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।