ਮੁਜ਼ੱਫਰਨਗਰ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ 'ਤੇ ਲਗਾਇਆ ਧੱਕੇਸ਼ਾਹੀ ਕਰਨ ਦਾ ਇਲਜ਼ਾਮ 

protest

ਲਖਨਊ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੁਝ ਵਰਕਰਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਠਾਣੇ ਵਿੱਚ ਸਮਰਥਕਾਂ ਨਾਲ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਮਾਮਲਾ ਉਸ ਸਮੇਂ ਜ਼ਿਆਦਾ ਗਰਮਾ ਗਿਆ ਜਦੋਂ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਕੰਮ 'ਚ ਰੁਕਾਵਟ ਪਾਉਣ ਦੇ ਹਵਾਲੇ ਨਾਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਾਣਕਾਰੀ ਅਨੁਸਾਰ ਬੀਕੇਯੂ ਦੇ ਵਰਕਰਾਂ ਅਤੇ ਇੱਕ ਰੈਸਟੋਰੈਂਟ ਦੇ ਮਾਲਕ ਅਤੇ ਕਰਮਚਾਰੀਆਂ ਵਿਚਕਾਰ ਖਾਣਾ ਖਾਣ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਸਿਟੀ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਦਾ ਮੈਡੀਕਲ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਸੀ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇਹ ਧਰਨਾ ਇਸ ਲਈ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਕਿਸਾਨ ਜਥੇਬੰਦੀ ਦੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਚਾਹੁੰਦਾ ਹੈ। ਪਰ ਬੀਕੇਯੂ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਉਨ੍ਹਾਂ ਦੀ ਯੋਜਨਾ ਕਾਮਯਾਬ ਨਹੀਂ ਹੋਵੇਗੀ। 

ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ: ਬਾਬੂਰਾਮ ਅਨੁਸਾਰ ਹਸਪਤਾਲ 'ਚ ਦੋ ਧੜਿਆਂ ਦੇ ਲੋਕ ਆਏ ਸਨ ਅਤੇ ਜਦੋਂ ਇੱਕ ਗਰੁੱਪ ਦਾ ਮੈਡੀਕਲ ਕਰਵਾਇਆ ਜਾ ਰਿਹਾ ਸੀ ਤਾਂ ਬੀਕੇਯੂ ਦੇ ਵਰਕਰਾਂ ਨੇ ਦੂਜੇ ਗਰੁੱਪ ਦੀ ਜਾਂਚ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਹਸਪਤਾਲ 'ਚ ਹਿੰਸਕ ਝੜਪ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ।

ਇਸੇ ਦੌਰਾਨ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਧਰਨੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬੀਕੇਯੂ ਨੂੰ ਝੂਠੇ ਕੇਸ ਵਿੱਚ ਫਸਾ ਕੇ ਦਬਾਅ ਪਾਉਣਾ ਚਾਹੁੰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਗ੍ਰਿਫ਼ਤਾਰ ਕੀਤੇ ਵਰਕਰਾਂ ਦੀ ਰਿਹਾਈ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਕੋਤਵਾਲੀ ਥਾਣਾ ਖੇਤਰ 'ਚ ਸੁਰੱਖਿਆ ਸਖ਼ਤ ਕਰਦੇ ਹੋਏ ਵਾਧੂ ਪੁਲਿਸ ਅਤੇ ਪੀਏਸੀ ਤਾਇਨਾਤ ਕਰ ਦਿੱਤੀ ਗਈ ਹੈ।