ਲੋਕ ਸਭਾ ਚੋਣ ਪ੍ਰਚਾਰ : ਜ਼ਿਲ੍ਹਾ ਚੋਣ ਕਮੇਟੀਆਂ ਨੇ ਉਮੀਦਵਾਰਾਂ ਲਈ ਖਰਚ ਦੀ ਹੱਦ ਨਿਰਧਾਰਤ ਕੀਤੀ, ਜਾਣੋ ਕਿੱਥੇ ਹੋ ਸਕੇਗਾ ਕਿੰਨਾ ਖ਼ਰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਲੰਧਰ ’ਚ ਚਾਹ ਦਾ ਕੱਪ 15 ਰੁਪਏ ਅਤੇ ਬਾਲਾਘਾਟ ’ਚ 5 ਰੁਪਏ

Representative Image.

ਨਵੀਂ ਦਿੱਲੀ: ਪੰਜਾਬ ਦੇ ਜਲੰਧਰ ’ਚ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰ ਅਪਣੇ ਪ੍ਰਚਾਰ ਅਤੇ ਜਨਤਕ ਰੈਲੀਆਂ ਦੌਰਾਨ ਲੋਕਾਂ ਨੂੰ ਰਿਫਰੈਸ਼ਮੈਂਟ ਦੇਣ ਲਈ ਇਕ ਕੱਪ ਚਾਹ ਅਤੇ ਸਮੋਸੇ ਲਈ 15-15 ਰੁਪਏ ਖਰਚ ਕਰ ਸਕਦੇ ਹਨ। ਹਾਲਾਂਕਿ, ਮੱਧ ਪ੍ਰਦੇਸ਼ ਦੇ ਮੰਡਲਾ ’ਚ, ਇਕ ਉਮੀਦਵਾਰ ਇਕ ਕੱਪ ਚਾਹ ਲਈ 7 ਰੁਪਏ ਅਤੇ ਸਮੋਸੇ ਲਈ 7.5 ਰੁਪਏ ਖਰਚ ਕਰ ਸਕਦਾ ਹੈ। 

ਜਦੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਨਾਸ਼ਤੇ ਦੀ ਗੱਲ ਆਉਂਦੀ ਹੈ ਤਾਂ ਚਾਹ ਅਤੇ ਸਮੋਸੇ ਦਾ ਨਾਮ ਸੱਭ ਤੋਂ ਪਹਿਲਾਂ ਆਉਂਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਾ ਚੋਣ ਕਮੇਟੀਆਂ ਚੋਣ ਖਰਚਿਆਂ ਦੀ ਨਿਗਰਾਨੀ ਦੀ ਕਵਾਇਦ ਦੇ ਹਿੱਸੇ ਵਜੋਂ ਖਰਚਿਆਂ ਦੀਆਂ ਦਰਾਂ ਨਿਰਧਾਰਤ ਕਰ ਰਹੀਆਂ ਹਨ। ਉਮੀਦਵਾਰਾਂ ਨੂੰ ਨਿਰਧਾਰਤ ਹੱਦ ਅੰਦਰ ਖਰਚ ਕਰਨਾ ਪਵੇਗਾ। 

ਆਂਧਰਾ ਪ੍ਰਦੇਸ਼ ਸਮੇਤ ਜ਼ਿਆਦਾਤਰ ਸੂਬਿਆਂ ’ਚ ਲੋਕ ਸਭਾ ਉਮੀਦਵਾਰ ਲਈ ਚੋਣ ਖਰਚ ਦੀ ਹੱਦ 95 ਲੱਖ ਰੁਪਏ ਹੈ। ਹਾਲਾਂਕਿ, ਅਰੁਣਾਚਲ ਪ੍ਰਦੇਸ਼, ਗੋਆ ਅਤੇ ਸਿੱਕਮ ’ਚ ਇਹ ਹੱਦ ਥੋੜ੍ਹੀ ਘੱਟ 75 ਲੱਖ ਰੁਪਏ ਪ੍ਰਤੀ ਉਮੀਦਵਾਰ ਹੈ। ਇਸੇ ਤਰ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਖਰਚ ਦੀ ਹੱਦ ਖੇਤਰਾਂ ਦੇ ਆਧਾਰ ’ਤੇ 75 ਲੱਖ ਰੁਪਏ ਤੋਂ 95 ਲੱਖ ਰੁਪਏ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। 

ਜਲੰਧਰ ’ਚ ਛੋਲੇ ਭਟੂਰੇ ਦੀ ਕੀਮਤ 40 ਰੁਪਏ ਪ੍ਰਤੀ ਪਲੇਟ ਤੈਅ ਕੀਤੀ ਗਈ ਹੈ, ਜਦਕਿ ਮਟਨ ਅਤੇ ਚਿਕਨ ਦੀ ਕੀਮਤ ਲੜੀਵਾਰ 250 ਰੁਪਏ ਅਤੇ 500 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਉਮੀਦਵਾਰ ਮਠਿਆਈਆਂ ’ਚੋਂ ਡੋਡਾ ’ਤੇ 450 ਰੁਪਏ ਪ੍ਰਤੀ ਕਿਲੋ ਅਤੇ ਘਿਓ ਪਿੰਨੀ ’ਤੇ 300 ਰੁਪਏ ਪ੍ਰਤੀ ਕਿਲੋ ਖਰਚ ਕਰ ਸਕਦੇ ਹਨ, ਜਦਕਿ ਲੱਸੀ ਅਤੇ ਸ਼ਿਕੰਜਵੀਂ ’ਤੇ ਲੜੀਵਾਰ 20 ਰੁਪਏ ਅਤੇ 15 ਰੁਪਏ ਪ੍ਰਤੀ ਗਲਾਸ ਖਰਚ ਕਰ ਸਕਦੇ ਹਨ। 

ਕੀਮਤ ਸੂਚੀ ਮੁਤਾਬਕ ਚਾਹ ਦੀ ਸੱਭ ਤੋਂ ਘੱਟ ਕੀਮਤ ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਹੈ, ਜੋ 5 ਰੁਪਏ ਹੈ ਪਰ ਇੱਥੇ ਸਮੋਸੇ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ। ਬਾਲਾਘਾਟ ਦੇ ਰੇਟ ਕਾਰਡ ’ਚ ਇਡਲੀ, ਸਾਂਭਰ ਵੜਾ ਅਤੇ ਪੋਹਾ-ਜਲੇਬੀ ਦੀ ਕੀਮਤ 20 ਰੁਪਏ ਤੈਅ ਕੀਤੀ ਗਈ ਹੈ। ਹਿੰਸਾ ਪ੍ਰਭਾਵਤ ਮਨੀਪੁਰ ਦੇ ਥੌਬਲ ਜ਼ਿਲ੍ਹੇ ’ਚ ਸਮੋਸੇ ਕਚੋਰੀ ਖਜੂਰ ਦੀ ਕੀਮਤ 10-10 ਰੁਪਏ ਤੈਅ ਕੀਤੀ ਗਈ ਹੈ। ਇਸ ਸੂਬੇ ਦੇ ਤੇਂਗਨੂਪਾਲ ਜ਼ਿਲ੍ਹੇ ’ਚ, ਉਮੀਦਵਾਰਾਂ ਨੂੰ ਇਕ ਕੱਪ ਕਾਲੀ ਚਾਹ ’ਤੇ ਵੱਧ ਤੋਂ ਵੱਧ 5 ਰੁਪਏ ਅਤੇ ਇਕ ਕੱਪ ਦੁੱਧ ਲਈ 10 ਰੁਪਏ ਖਰਚ ਕਰਨੇ ਪੈਣਗੇ। ਗੌਤਮ ਬੁੱਧ ਨਗਰ (ਨੋਇਡਾ ਗ੍ਰੇਟਰ ਨੋਇਡਾ) ਦੀ ਕੀਮਤ ਸੂਚੀ ’ਤੇ ਨਜ਼ਰ ਮਾਰੀਏ ਤਾਂ ਸ਼ਾਕਾਹਾਰੀ ਥਾਲੀ ਦੀ ਕੀਮਤ 100 ਰੁਪਏ, ਸਮੋਸੇ ਜਾਂ ਚਾਹ ਦੇ ਕੱਪ ਦੀ ਕੀਮਤ 10 ਰੁਪਏ, ਕਚੋਰੀ ਦੀ ਕੀਮਤ 15 ਰੁਪਏ, ਸੈਂਡਵਿਚ ਦੀ ਕੀਮਤ 25 ਰੁਪਏ ਅਤੇ ਇਕ ਕਿਲੋ ਜਲੇਬੀ ਦੀ ਕੀਮਤ 90 ਰੁਪਏ ਪ੍ਰਤੀ ਕਿਲੋ ਨਿਰਧਾਰਤ ਕੀਤੀ ਗਈ ਹੈ।

ਕੀਮਤ ਸੂਚੀ ’ਚ ਹੋਂਡਾ ਸਿਟੀ ਜਾਂ ਸਿਆਜ਼ ਅਤੇ ਬੱਸ ਜਾਂ ਯੌਟ ਲਈ ਪ੍ਰਚਾਰ ਲਈ ਟਾਟਾ ਸਫਾਰੀ ਜਾਂ ਸਕਾਰਪੀਓ ਸਮੇਤ ਵੱਖ-ਵੱਖ ਗੱਡੀਆਂ ਲਈ ਵੀ ਵੱਖ-ਵੱਖ ਦਰਾਂ ਹਨ।