'ਰਾਮ-ਰਾਮ' ਅਲਾਪਣ ਵਾਲੇ ਮੋਦੀ ਨੇ 'ਮਨ ਕੀ ਬਾਤ' 'ਚ 'ਮੁਹੰਮਦ ਸਾਹਿਬ' ਨੂੰ ਕੀਤਾ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੱਤਾ 'ਤੇ ਚਾਰ ਸਾਲ ਰਾਜ ਕਰਨ ਤੋਂ ਬਾਅਦ ਅਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿਚ ਆਖ਼ਰਕਾਰ ...

man ki baat narender modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੱਤਾ 'ਤੇ ਚਾਰ ਸਾਲ ਰਾਜ ਕਰਨ ਤੋਂ ਬਾਅਦ ਅਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿਚ ਆਖ਼ਰਕਾਰ ਮੁਸਲਮਾਨਾਂ ਦੀ ਯਾਦ ਆ ਹੀ ਗਈ। ਉਨ੍ਹਾਂ ਅੱਜ 43ਵੀਂ ਵਾਰ 'ਮਨ ਕੀ ਬਾਤ' ਕਰਦਿਆਂ ਮੁਸਲਮਾਨਾਂ ਦੇ ਆਖ਼ਰੀ ਨਬੀ ਮੁਹੰਮਦ ਸਾਹਿਬ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਮੁਹੰਮਦ ਸਾਹਿਬ ਕਿਹਾ ਕਰਦੇ ਸਨ ਕਿ ਹੰਕਾਰ ਗਿਆਨ ਨੂੰ ਖਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੁੱਝ ਦਿਨਾਂ ਬਾਅਦ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਪੂਰੀ ਦੁਨੀਆਂ ਦੇ ਲੋਕ ਇਸ ਮਹੀਨੇ ਵਿਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੈਗ਼ੰਬਰ ਮੁਹੰਮਦ ਸਾਹਿਬ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ, ਜਿਨ੍ਹਾਂ ਨੇ ਅਪਣੇ ਜੀਵਨ ਵਿਚ ਸਮਾਨਤਾ ਤੇ ਭਾਈਚਾਰੇ ਦੇ ਮਾਰਗ 'ਤੇ ਚੱਲਣ ਦਾ ਸਾਰਿਆਂ ਨੂੰ ਸੰਦੇਸ਼ ਦਿਤਾ ਸੀ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਸਮਾਜ ਲਈ ਸਮਾਨਤਾ ਅਤੇ ਭਾਈਚਾਰਾ ਬਣਾਈ ਰੱਖੀਏ।

ਇੱਥੇ ਪ੍ਰਧਾਨ ਮੰਤਰੀ ਨੇ ਹਜ਼ਰਤ ਸਾਹਿਬ ਦੇ ਜੀਵਨ ਦੀ ਇਕ ਘਟਨਾ ਸੁਣਾਉਂਦਿਆਂ ਕਿਹਾ ਕਿ ਇਕ ਵਾਰ ਇਕ ਵਿਅਕਤੀ ਨੇ ਉਨ੍ਹਾਂ ਨੂੰ ਪੁਛਿਆ ਕਿ ਇਸਲਾਮ ਵਿਚ ਸਭ ਤੋਂ ਵਧੀਆ ਕੰਮ ਕਿਹੜਾ ਹੈ ਤਾਂ ਪੈਗੰਬਰ ਸਾਹਿਬ ਨੇ ਕਿਹਾ ਕਿ ਕਿਸੇ ਗ਼ਰੀਬ ਅਤੇ ਜ਼ਰੂਰਤਮੰਦ ਨੂੰ ਖਾਣਾ ਖਵਾਉਣਾ, ਹਰੇਕ ਨੂੰ ਝੁਕ ਕੇ ਮਿਲਣਾ ਹੀ ਇਸਲਾਮ ਵਿਚ ਸਭ ਤੋਂ ਵਧੀਆ ਕੰਮ ਮੰਨਿਆ ਜਾਂਦਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਹੰਮਦ ਸਾਹਿਬ ਗਿਆਨ ਅਤੇ ਦਿਆਲਤਾ ਵਿਚ ਵਿਸ਼ਵਾਸ ਰੱਖਦੇ ਸਨ, ਇਸ ਲਈ ਉਹ ਕਿਹਾ ਕਰਦੇ ਸਨ ਕਿ ਹੰਕਾਰ ਗਿਆਨ ਨੂੰ ਖਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੈਗ਼ੰਬਰ ਸਾਹਿਬ ਦੀਆਂ ਸਿਖਿਆਵਾਂ 'ਤੇ ਪਹਿਰਾ ਦਿੰਦਿਆਂ ਸਮਾਜ ਨੂੰ ਵਧੀਆ ਬਣਾਉਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਿਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੀਆਂ ਮੱਲਾਂ ਮਾਰਦੇ ਰਹਿਣ। ਉਨ੍ਹਾਂ ਆਸ ਪ੍ਰਗਟਾਈ ਕਿ ਖਿਡਾਰੀ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਦੇ ਰਹਿਣਗੇ। ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 42ਵੀਂ 'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਸਿਹਤ ਸਬੰਧੀ ਮੁੱਦਾ  ਉਠਾਇਆ ਸੀ।