ਅਹਿਮਦਨਗਰ 'ਚ ਰਾਕਾਂਪਾ ਦੇ ਦੋ ਵਰਕਰਾਂ ਦਾ ਗੋਲੀ ਮਾਰ ਕੇ ਕਤਲ
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਬੀਤੀ ਸ਼ਾਮ ਤਿੰਨ ਅਣਪਛਾਤੇ ਲੋਕਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਦੋ ...
ਅਹਿਮਦਨਗਰ : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਬੀਤੀ ਸ਼ਾਮ ਤਿੰਨ ਅਣਪਛਾਤੇ ਲੋਕਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਦੋ ਵਰਕਰਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਜ਼ਿਲ੍ਹੇ ਵਿਚ ਤਿੰਨ ਹਫ਼ਤੇ ਪਹਿਲਾਂ ਅਜਿਹੀ ਹੀ ਵਾਰਦਾਤ ਵਿਚ ਸ਼ਿਵ ਸੈਨਾ ਦੇ ਦੋ ਸਥਾਨਕ ਨੇਤਾਵਾਂ ਦੀ ਵੀ ਹੱਤਿਆ ਕਰ ਦਿਤੀ ਗਈ ਸੀ।
ਜ਼ਿਲ੍ਹੇ ਦੇ ਪੁਲਿਸ ਮੁਖੀ ਰੰਜਨ ਕੁਮਾਰ ਸ਼ਰਮਾ ਨੇ ਦਸਿਆ ਕਿ ਰਾਕਾਂਪਾ ਵਰਕਰ ਇੱਥੋਂ ਕਰੀਬ 70 ਕਿਲੋਮੀਟਰ ਜਾਮਖੇੜ ਕਸਬੇ ਵਿਚ ਮੁੱਖ ਸੜਕ 'ਤੇ ਖੜ੍ਹੇ ਸਨ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਹਮਲਾਵਰ ਉਥੇ ਪਹੁੰਚੇ ਅਤੇ ਸ਼ਾਮ ਕਰੀਬ 6:20 ਵਜੇ ਉਨ੍ਹਾਂ ਨੇ ਕਰੀਬ ਅੱਠ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮਾਰੇ ਗਏ ਦੋਹੇ ਵਰਕਰ ਜਾਮਖੇੜ ਦੇ ਰਹਿਣ ਵਾਲੇ ਸਨ।
ਉਨ੍ਹਾਂ ਦੀ ਪਛਾਣ ਰਾਕਾਂਪਾ ਦੀ ਯੂਥ ਸ਼ਾਖ਼ਾ ਦੇ ਜ਼ਿਲ੍ਹਾ ਉਪ ਪ੍ਰਧਾਨ ਯੋਗੇਸ਼ ਅੰਬਾਦਾਸ ਰਾਲੇਭਟ (30) ਅਤੇ ਅਹਿਮਦਨਗਰ ਦੀ ਜਾਮਖੇੜ ਇਕਾਈ ਵਿਚ ਪਾਰਟੀ ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਰਾਕੇਸ਼ ਅਰਜੁਨ ਰਾਲੇਭਟ (23) ਦੇ ਤੌਰ 'ਤੇ ਕੀਤੀ ਗਈ ਹੈ। ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।