ਤੀਜੇ ਦਿਨ ਵੀ ਹੜਤਾਲ 'ਤੇ ਰਹੇ ਏਮਜ਼ ਦੇ 2000 ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਨਹੀਂ ਹੋ ਸਕੀ ਰੁਟੀਨ ਸਰਜਰੀ - ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ

AIIMS Doctors Strike

ਨਵੀਂ ਦਿੱਲੀ, 28 ਅਪ੍ਰੈਲ : ਏਮਸ ਦੇ ਡਾਕਟਰਾਂ ਦੀ ਹੜਤਾਲ ਸਨਿਚਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਹਸਪਤਾਲ ਆਏ ਲੋਕਾਂ ਨੂੰ ਹੜਤਾਲ ਦੀ ਵਜ੍ਹਾ ਨਾਲ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ। ਸ਼ੁਕਰਵਾਰ ਵਾਂਗ ਸਨਿਚਰਵਾਰ ਵੀ ਕੋਈ ਰੁਟੀਨ ਸਰਜਰੀ ਨਹੀਂ ਕੀਤੀ ਜਾ ਸਕੀ। ਹਾਲਾਂਕਿ ਐਮਰਜੈਂਸੀ ਸੇਵਾਵਾਂ ਇਸ ਹੜਤਾਲ ਦੇ ਦਾਇਰੇ ਵਿਚ ਨਹੀਂ ਹਨ। ਦਸ ਦਈਏ ਕਿ ਰੈਜ਼ੀਡੈਂਟ ਡਾਕਟਰ ਸਾਥੀ ਡਾਕਟਰ ਨੂੰ ਥੱਪੜ ਮਾਰਨ ਵਾਲੇ ਸੀਨੀਅਰ ਡਾਕਟਰ ਅਤੁਲ ਕੁਮਾਰ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ। ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਕਾਰਨ ਫੈਕਲਟੀ ਮੈਂਬਰਾਂ ਨੇ ਇਕ ਵਿਅਕਤੀ ਦੇ ਅੰਗਾਂ ਦਾ ਦੂਜੇ ਮਰੀਜ਼ਾਂ ਵਿਚ ਟਰਾਂਸਫਰ ਕਰਨ ਲਈ ਟ੍ਰਾਮਾ ਸੈਂਟਰ ਵਿਚ ਰਾਤ ਭਰ ਕੰਮ ਕੀਤਾ। ਏਮਜ਼ ਟ੍ਰਾਮਾ ਸੈਂਟਰ ਦੇ ਮੁਖੀ ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਨੋਇਡਾ ਐਕਸਪ੍ਰੈੱਸ ਵੇਅ 'ਤੇ ਹਾਦਸੇ ਤੋਂ ਬਾਅਦ 18 ਸਾਲਾ ਨੌਜਵਾਨ ਨੂੰ ਵੀਰਵਾਰ ਨੂੰ ਟ੍ਰਾਮਾ ਸੈਂਟਰ ਲਿਆਂਦਾ ਗਿਆ ਸੀ। ਇਸੇ ਦਿਨ ਰੈਜ਼ੀਡੈਂਟ ਡਾਕਟਰ ਹੜਤਾਲ 'ਤੇ ਗਏ ਸਨ। ਮਲਹੋਤਰਾ ਨੇ ਦਸਿਆ ਕਿ ਵਿਅਕਤੀ ਦੇ ਸਿਰ ਵਿਚ ਬਹੁਤ ਸੱਟਾਂ ਵੱਜੀਆਂ ਸਨ ਅਤੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿਤਾ ਗਿਆ।

ਇਸ ਤੋਂ ਬਾਅਦ ਉਸ ਦੇ ਪਿਤਾ ਤੋਂ ਪੁਛਿਆ ਗਿਆ ਕਿ ਕੀ ਉਹ ਅਪਣੇ ਬੇਟੇ ਦੇ ਅੰਗਾਂ ਨੂੰ ਦਾਨ ਕਰਨਾ ਚਾਹੁੰਦੇ ਹਨ, ਜਿਸ 'ਤੇ ਉਨ੍ਹਾਂ ਨੇ ਸਹਿਮਤੀ ਦੇ ਦਿਤੀ ਅਤੇ ਇਸ ਤੋਂ ਬਾਅਦ ਸਬੰਧਤ ਵਿਭਾਗ ਦੇ ਡਾਕਟਰ ਕੰਮ 'ਤੇ ਲੱਗ ਗਏ।ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੀ ਹੜਤਾਲ ਵਿਚਕਾਰ ਸ਼ੁਕਰਵਾਰ ਸ਼ਾਮ 6 ਵਜੇ ਪ੍ਰਕਿਰਿਆ ਸ਼ੁਰੂ ਹੋਈ ਅਤੇ ਰਾਤ ਤਕ ਦਿਲ ਦੇ ਇਕ ਮਰੀਜ਼ ਦਾ ਦਿਲ ਟਰਾਂਸਫ਼ਰ ਕੀਤਾ ਗਿਆ। ਦੋ ਮਰੀਜ਼ਾਂ ਵਿਚ ਕਿਡਨੀ ਟਰਾਂਸਫ਼ਰ ਕੀਤੀ ਗਈ ਅਤੇ ਉਸ ਦੇ ਲੀਵਰ ਨੂੰ ਵੀ ਹੋਰ ਮਰੀਜ਼ ਵਿਚ ਟਰਾਂਸਫ਼ਰ ਕੀਤਾ ਗਿਆ। ਨੌਜਵਾਨ ਦੇ ਪਰਿਵਾਰ ਨੇ ਉਸ ਦੀਆਂ ਹੱਡੀਆਂ ਵੀ ਆਥੋਪੈਡਿਕ ਟੀਮ ਨੂੰ ਦੇਣ ਦੀ ਮਨਜ਼ੂਰੀ ਦੇ ਦਿਤੀ। ਇਸੇ ਦੌਰਾਨ ਹੜਤਾਲ ਕਾਰਨ ਹਸਪਤਾਲ ਵਿਚ ਤੀਜੇ ਦਿਨ ਵੀ ਸਿਹਤ ਸਹੂਲਤਾਂ ਦਾ ਕੰਮ ਠੱਪ ਰਿਹਾ। ਰੈਜ਼ੀਡੈਂਟ ਡਾਕਟਰ ਥੱਪੜ ਮਾਰਨ ਵਾਲੇ ਸੀਨੀਅਰ ਡਾਕਟਰ ਨੂੰ ਮੁਅੱਤਲ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਹੜਤਾਲ ਕਾਰਨ ਆਮ ਸਰਜਰੀ ਟਾਲ ਦਿਤੀ ਗਹੀ ਹੈ ਅਤੇ ਓਪੀਡੀ ਵਿਚ ਆ ਰਹੇ ਮਰੀਜ਼ਾਂ ਨੂੰ ਵਾਪਸ ਭੇਜ ਦਿਤਾ ਗਿਆ। ਸਿਰਫ਼ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ। ਏਮਸ ਵਿਚ ਇਕ ਵਿਭਾਗ ਦੀ ਅਗਵਾਈ ਕਰਨ ਵਾਲੇ ਸੀਨੀਅਰ ਡਾਕਟਰ ਨੇ ਰੈਜ਼ੀਡੈਂਟ ਡਾਕਟਰ ਨੂੰ ਥੱਪੜ ਮਾਰਨ ਲਈ ਲਿਖ਼ਤੀ ਮੁਆਫ਼ੀ ਮੰਗੀ ਹੈ ਅਤੇ ਉਹ ਅੰਦਰੂਨੀ ਜਾਂਚ ਕਮੇਟੀ ਦੇ ਨਿਰਦੇਸ਼ਾਂ 'ਤੇ ਛੁੱਟੀ 'ਤੇ ਚਲੇ ਗਏ ਹਨ। (ਏਜੰਸੀਆਂ)