ਬੀਮਾਰੀ ਤੋਂ ਬਚਣਾ ਹੈ ਤਾਂ ਮੁਸਲਮਾਨਾਂ ਤੋਂ ਸਬਜ਼ੀ ਨਾ ਖ਼ਰੀਦੋ : ਭਾਜਪਾ ਵਿਧਾਇਕ
ਯੂ.ਪੀ. ਦੇ ਭਾਜਪਾ ਵਿਧਾਇਕ ਨੇ ਕੋਰੋਨਾ ਲਾਗ ਅਤੇ ਮੁਸਲਮਾਨਾਂ ਬਾਰੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਲੋਕ ਮੁਸਲਿਮ ਸਬਜ਼ੀ ਵਾਲਿਆਂ ਤੋਂ ਸਬਜ਼ੀ ਨਾ ਖ਼ਰੀਦਣ।
ਦੇਵਰੀਆ, 28 ਅਪ੍ਰੈਲ: ਯੂ.ਪੀ. ਦੇ ਭਾਜਪਾ ਵਿਧਾਇਕ ਨੇ ਕੋਰੋਨਾ ਲਾਗ ਅਤੇ ਮੁਸਲਮਾਨਾਂ ਬਾਰੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਲੋਕ ਮੁਸਲਿਮ ਸਬਜ਼ੀ ਵਾਲਿਆਂ ਤੋਂ ਸਬਜ਼ੀ ਨਾ ਖ਼ਰੀਦਣ। ਵਿਧਾਇਕ ਸੁਰੇਸ਼ ਤਿਵਾੜੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਲੋਕ ਕੋਰੋਨਾਵਾਇਰਸ ਦੀ ਲਾਗ ਤੋਂ ਬਚੇ ਰਹਿਣਗੇ।
ਯੂ.ਪੀ. ਵਿਚ ਹੁਣ ਤਕ ਲਗਭਗ 2000 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 1089 ਤਬਲੀਗ਼ੀ ਜਮਾਤ ਨਾਲ ਸਬੰਧਤ ਹਨ।
ਤਿਵਾੜੀ ਨੇ ਕਿਹਾ, 'ਮੁਸਲਿਮ ਸਬਜ਼ੀ ਵਾਲਿਆਂ ਤੋਂ ਸਮਾਨ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਅਪਣੀ ਸਬਜ਼ੀ 'ਤੇ ਪਹਿਲਾਂ ਥੁੱਕਦੇ ਹਨ ਅਤੇ ਫਿਰ ਉਸ ਨੂੰ ਵੇਚਦੇ ਹਨ। ਇਲਾਕੇ ਵਿਚ ਮੈਂ ਘੁੰਮ ਰਿਹਾ ਸੀ ਤਾਂ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਤੇ ਫਿਰ ਮੈਂ ਲੋਕਾਂ ਨੂੰ ਮੁਸਲਮਾਨਾਂ ਤੋਂ ਸਬਜ਼ੀ ਨਾ ਖ਼ਰੀਦਣ ਲਈ ਆਖਿਆ।'
ਵਿਵਾਦ ਪੈਦਾ ਹੋਣ 'ਤੇ ਉਨ੍ਹਾਂ ਕਿਹਾ, 'ਮੈਂ ਗ਼ਲਤ ਕੀ ਕਿਹਾ ਹੈ? ਏਨਾ ਵੱਡਾ ਮੁੱਦਾ ਕਿਉਂ ਬਣਾਇਆ ਜਾ ਰਿਹੈ?' ਉਨ੍ਹਾਂ ਏਆਈਐਮਆਈਐਮ ਦੇ ਮੁਖੀ ਓਵੈਸੀ ਦੀ ਮਿਸਾਲ ਦਿਤੀ। ਉਨ੍ਹਾਂ ਕਿਹਾ, 'ਓਵੈਸੀ ਵੀ ਹਿੰਦੂਆਂ ਬਾਰੇ ਇਤਰਾਜ਼ਯੋਗ ਬਿਆਨ ਦਿੰਦੇ ਰਹਿੰਦੇ ਹਨ, ਇਸ 'ਤੇ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ। ਜੇ ਕੋਈ ਵਿਧਾਇਕ ਅਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੋਈ ਗੱਲ ਕਰ ਰਿਹਾ ਹੈ ਤਾਂ ਇਸ ਨੂੰ ਵੱਡਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ।' (ਏਜੰਸੀ)