ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਲਾਗੇ ਦੋ ਸਾਧੂਆਂ ਦੀ ਹਤਿਆ, ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਪੀ. ਦੇ ਬੁਲੰਦਸ਼ਹਿਰ ਦੇ ਪਿੰਡ ਵਿਚ ਮੰਗਲਵਾਰ ਤੜਕੇ ਦੋ ਸਾਧੂਆਂ ਦੀ ਹਤਿਆ ਕਰ ਦਿਤੀ ਗਈ। ਘਟਨਾ ਅਨੂਪ ਸ਼ਹਿਰ ਇਲਾਕੇ ਵਿਚ ਪੈਂਦੇ ਪਿੰਡ ਦੇ ਸ਼ਿਵ ਮੰਦਰ ਵਿਚ ਵਾਪਰੀ।

File Photo

ਬੁਲੰਦਸ਼ਹਿਰ, 28 ਅਪ੍ਰੈਲ: ਯੂ.ਪੀ. ਦੇ ਬੁਲੰਦਸ਼ਹਿਰ ਦੇ ਪਿੰਡ ਵਿਚ ਮੰਗਲਵਾਰ ਤੜਕੇ ਦੋ ਸਾਧੂਆਂ ਦੀ ਹਤਿਆ ਕਰ ਦਿਤੀ ਗਈ। ਘਟਨਾ ਅਨੂਪ ਸ਼ਹਿਰ ਇਲਾਕੇ ਵਿਚ ਪੈਂਦੇ ਪਿੰਡ ਦੇ ਸ਼ਿਵ ਮੰਦਰ ਵਿਚ ਵਾਪਰੀ। ਬੁਲੰਦਸ਼ਹਿਰ ਦੇ ਐਸਐਸਪੀ ਸੰਤੋਸ਼ ਕੁਮਾਰ ਸਿੰਘ ਨੇ ਦਸਿਆ ਕਿ ਅਨੂਪ ਸ਼ਹਿਰ ਥਾਣਾ ਇਲਾਕੇ ਦੇ ਫਗੌਣਾ ਪਿੰਡ ਵਿਚ 50 ਸਾਲਾ ਜਗਦੀਸ਼ ਅਤੇ 52 ਸਾਲਾ ਸ਼ੇਰ ਸਿੰਘ ਨਾਮਕ ਸਾਧੂਆਂ ਦੀ ਹਤਿਆ ਕਰ ਦਿਤੀ ਗਈ।

ਖ਼ਬਰ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਮੁਲਜ਼ਮ ਮੁਰਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ, ਕਾਂਗਰਸ ਨੇ ਕਿਹਾ ਹੈ ਕਿ ਸਾਧੂਆਂ ਦੀ ਹਤਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਾਹਮਣੇ ਆ ਕੇ ਘਟਨਾ ਦੀ ਸਾਜ਼ਸ਼ ਅਤੇ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ਵਿਚ ਸਾਧੂਆਂ ਸੰਤਾਂ ਅਤੇ ਧਾਰਮਕ ਥਾਵਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪਾਲਘਰ ਦੀ ਘਟਨਾ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਕੀ ਹੁਣ ਉਹ ਦੱਸੇਗੀ ਕਿ ਬੁਲੰਦਸ਼ਹਿਰ ਵਿਚ ਦੋ ਸਾਧੂਆਂ ਦੀ ਹਤਿਆ ਕਿਵੇਂ ਹੋਈ? ਕਿਸ ਤਰ੍ਹਾਂ ਇਸ ਸਾਜ਼ਸ਼ ਦਾ ਤਾਣਾਬਾਣਾ ਬੁਣਿਆ ਗਿਆ? ਉਨ੍ਹਾਂ ਕਿਹਾ ਕਿ ਯੋਗੀ ਅਤੇ ਭਾਜਪਾ ਪ੍ਰਧਾਨ ਨੱਡਾ ਸਾਹਮਣੇ ਆ ਕੇ ਦੱਸਣ ਕਿ ਇਸ ਘਟਨਾ ਪਿੱਛੇ ਕਿਹੜੀ ਸਾਜ਼ਸ਼ ਸੀ?  (ਏਜੰਸੀ)