ਸ਼ਰਮਨਾਕ! ਸਸਕਾਰ ਲਈ ਪਤਨੀ ਦੀ ਲਾਸ਼ ਸਾਈਕਲ 'ਤੇ ਲੈ ਘੁੰਮਦਾ ਰਿਹਾ ਬਜ਼ੁਰਗ, ਕੋਰੋਨਾ ਨਾਲ ਹੋਈ ਸੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਕੇ ਦੇ ਸੀਓ ਨੇ ਤਿਲਕਧਾਰੀ ਦੀ ਪਤਨੀ ਦੇ ਕਫਨ ਦਾ ਪ੍ਰਬੰਧ ਕੀਤਾ ਅਤੇ ਇਕ ਮੁਸਲਿਮ ਨੌਜਵਾਨ ਦੀ ਮਦਦ ਨਾਲ ਉਸ ਦਾ ਅੰਤਿਮ ਸਸਕਾਰ ਕਰਵਾਇਆ।

File Photo

ਲਖਨਊ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਬਜ਼ੁਰਗ ਔਰਤ ਦੀ ਲਾਸ਼ ਸਾਈਕਲ 'ਤੇ ਲੈ ਕੇ ਜਾ ਰਿਹਾ ਹੈ ਅਤੇ ਇਕ ਤਸਵੀਰ ਵਿਚ ਔਰਤ ਦੀ ਲਾਸ਼ ਸਾਈਕਲ ਤੋਂ ਹੇਠਾਂ ਡਿੱਗੀ ਹੋਈ ਹੈ ਤੇ ਬਜ਼ੁਰਗ ਥੋੜ੍ਹੀ ਹੀ ਦੂਰ ਉਦਾਸ ਹੋ ਕੇ ਮੱਥੇ 'ਤੇ ਹੱਥ ਰੱਖ ਕੇ ਬੈਠਾ ਹੈ। ਇਹ ਮਾਮਲਾ ਜ਼ਿਲ੍ਹਾ ਅੰਬਰਪੁਰ ਪਿੰਡ ਦਾ ਹੈ।

ਜਿੱਥੋਂ ਦੇ ਤਿਲਕਧਾਰੀ ਦੀ ਪਤਨੀ ਦੀ ਕੋਰੋਨਾ ਕਰ ਕੇ ਮੌਤ ਹੋ ਗਈ। ਐਂਬੂਲੈਂਸ ਉਸ ਦੀ ਪਤਨੀ ਦੀ ਲਾਸ਼ ਉਹਨਾਂ ਦੇ ਘਰ ਛੱਡ ਗਈ ਪਰ ਪਿੰਡ ਵਾਲਿਆਂ ਨੇ ਕੋਰੋਨਾ ਮਰੀਜ਼ ਹੋਣ ਕਰ ਕੇ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ। ਪਰੇਸ਼ਾਨ ਹੋ ਕੇ ਤਿਲਕਧਾਰੀ ਆਪਣੀ ਪਤਨੀ ਦੀ ਲਾਸ਼ ਨੂੰ ਸਾਈਕਲ ਤੇ ਪਾ ਕੇ ਨਦੀ ਵਿਚ ਜਲ ਪ੍ਰਵਾਹ ਕਰਨ ਲਈ ਇਕੱਲਾ ਹੀ ਤੁਰ ਪਿਆ ਪਰ ਰਸਤੇ ਵਿਚ ਸੰਤੁਲਨ ਵਿਗੜਨ ਕਾਰਨ ਉਸ ਦੀ ਪਤਨੀ ਦੀ ਲਾਸ਼ ਸਾਈਕਲ ਤੋਂ ਡਿੱਗ ਪਈ ਅਤੇ ਉਸ ਦਾ ਸਾਈਕਲ ਵੀ ਉਲਟ ਗਿਆ।

ਉਥੋਂ ਲੰਘ ਰਹੇ ਇਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਦੇਖਿਆ। ਉਸ ਨੇ ਇਸ ਦੀ ਜਾਣਕਾਰੀ ਇਲਾਕੇ ਦੇ ਸੀਓ ਨੂੰ ਦਿੱਤੀ। ਸੀਓ ਨੇ ਤਿਲਕਧਾਰੀ ਦੀ ਪਤਨੀ ਦੇ ਕਫਨ ਦਾ ਪ੍ਰਬੰਧ ਕੀਤਾ ਅਤੇ ਇਕ ਮੁਸਲਿਮ ਨੌਜਵਾਨ ਦੀ ਮਦਦ ਨਾਲ ਉਸ ਦਾ ਅੰਤਿਮ ਸਸਕਾਰ ਕਰਵਾਇਆ। ਦੱਸ ਦਈਏ ਕਿ ਰਾਜ ਵਿਚ ਕੋਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ।

ਦਵਾਈ, ਆਕਸੀਜਨ ਅਤੇ ਬਿਸਤਰੇ ਦੀ ਘਾਟ ਦੀ ਸਮੱਸਿਆ ਲਗਾਤਾਰ ਸਾਹਮਣੇ ਆ ਰਹੀ ਹੈ। ਖ਼ਾਸਕਰ ਆਕਸੀਜਨ ਦੀ ਘਾਟ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ। ਮਰੀਜ਼ਾਂ ਦੇ ਪਰਿਵਾਰ ਵਾਲੇ ਆਪਣੇ ਆਪਣੇ ਢੰਗ ਨਾਲ ਆਕਸੀਜਨ ਦਾ ਪ੍ਰਬੰਧ ਕਰਦੇ ਦਿਖਾਈ ਦੇ ਰਹੇ ਹਨ। ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਅਤੇ ਲੋਕ ਜਿੰਦਗੀ ਲਈ ਪ੍ਰਾਰਥਨਾ ਕਰ ਰਹੇ ਹਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,79,257 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,83,76,524 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 3645 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ  2,04,832 ਤੱਕ ਪਹੁੰਚ ਗਈ ਹੈ। ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 30,84,814 ਹੈ। ਇਸ ਨਾਲ ਹੀ ਦੇਸ਼ ਵਿਚ 15,00,20,648  ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।