ਮੰਤਰੀ ਸੰਦੀਪ ਸਿੰਘ ਦੇ ਪੋਲੀਗ੍ਰਾਫ਼ ਟੈਸਟ 'ਤੇ ਨਹੀਂ ਹੋਈ ਸੁਣਵਾਈ, ਜੱਜ ਦੀ ਗ਼ੈਰਹਾਜ਼ਰੀ ਕਾਰਨ 1 ਮਈ ਤੱਕ ਮੁਲਤਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਲਾ ਕੋਚ 'ਤੇ ਜਿਨਸੀ ਸ਼ੋਸ਼ਣ ਦਾ ਹੈ ਮਾਮਲਾ

Sandeep Singh

ਹਰਿਆਣਾ - ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਜੂਨੀਅਰ ਮਹਿਲਾ ਕੋਚ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪੋਲੀਗ੍ਰਾਫ਼ ਟੈਸਟ ਮਾਮਲੇ ਵਿਚ ਸੁਣਵਾਈ ਨਹੀਂ ਹੋ ਸਕੀ। ਜੱਜ ਦੀ ਗੈਰਹਾਜ਼ਰੀ ਕਾਰਨ ਇਹ ਮਾਮਲਾ ਹੁਣ 1 ਮਈ ਨੂੰ ਸੁਣਵਾਈ ਲਈ ਆਵੇਗਾ। ਇੱਥੇ ਮਹਿਲਾ ਕੋਚ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਵਿਧਾਇਕ ਅਤੇ ਮੰਤਰੀ ਦੇ ਮਾਮਲੇ ਵਿਚ ਜਲਦੀ ਸੁਣਵਾਈ ਦੀ ਵਿਵਸਥਾ ਲਾਗੂ ਕੀਤੀ ਜਾਵੇ। ਸੰਦੀਪ ਸਿੰਘ ਨੇ ਇਸ ਮਾਮਲੇ ਵਿਚ ਅਦਾਲਤ ਤੋਂ ਦੋ ਤਰੀਖਾਂ ਦੀ ਮੋਹਲਤ ਲਈ ਹੈ। ਇਸ ਵਾਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਬਕਾ ਖੇਡ ਮੰਤਰੀ ਨੂੰ ਆਖਰੀ ਮੌਕਾ ਦਿੱਤਾ ਸੀ। 

ਮਾਮਲੇ ਦੀ ਜਾਂਚ ਕਰ ਰਹੀ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਨੇ ਸੰਦੀਪ ਸਿੰਘ ਦਾ ਪੋਲੀਗ੍ਰਾਫ਼ ਟੈਸਟ ਕਰਵਾਉਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਨੇ ਪਟੀਸ਼ਨ 'ਚ ਕਿਹਾ ਹੈ ਕਿ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਸੰਦੀਪ ਸਿੰਘ ਦੀ ਬ੍ਰੇਨ ਮੈਪਿੰਗ ਜ਼ਰੂਰੀ ਹੈ। 30 ਦਸੰਬਰ, 2022 ਨੂੰ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਸਾਬਕਾ ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਦੇ ਖਿਲਾਫ਼ ਜੂਨੀਅਰ ਮਹਿਲਾ ਕੋਚ ਦੁਆਰਾ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ।

ਚੰਡੀਗੜ੍ਹ ਦੇ ਸੈਕਟਰ-26 ਥਾਣੇ ਦੀ ਪੁਲਿਸ ਨੇ ਸੰਦੀਪ ਸਿੰਘ ਖਿਲਾਫ਼ ਪਿੱਛਾ ਕਰਨ, ਗੈਰ-ਕਾਨੂੰਨੀ ਤੌਰ 'ਤੇ ਕੈਦ ਰੱਖਣ, ਜਿਨਸੀ ਸ਼ੋਸ਼ਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਮਹਿਲਾ ਕੋਚ ਦਾ ਦੋਸ਼ ਹੈ ਕਿ ਮੰਤਰੀ ਸੰਦੀਪ ਨੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। ਪਹਿਲਾਂ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਤੰਗ ਕਰਦਾ ਰਿਹਾ। ਐਸਆਈਟੀ ਮਾਮਲੇ ਦੀ ਜਾਂਚ, ਚਾਰਜਸ਼ੀਟ ਤਿਆਰ ਕਰਨ ਸਮੇਤ ਸਬੂਤ ਇਕੱਠੇ ਕਰਨ ਵਿਚ ਲੱਗੀ ਹੋਈ ਹੈ।

ਐਸਆਈਟੀ ਨੇ ਪੋਲੀਗ੍ਰਾਫੀ ਟੈਸਟ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ ਕਿਉਂਕਿ ਮਹਿਲਾ ਕੋਚ ਦੇ ਸਬੂਤ ਮੰਤਰੀ ਸੰਦੀਪ ਦੇ ਬਿਆਨ ਨਾਲ ਮੇਲ ਨਹੀਂ ਖਾਂਦੇ। 30 ਦਸੰਬਰ ਨੂੰ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ਼ ਜੂਨੀਅਰ ਮਹਿਲਾ ਕੋਚ ਵੱਲੋਂ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਲਈ ਚੰਡੀਗੜ੍ਹ ਦੇ ਐਸਐਸਪੀ ਵੱਲੋਂ ਆਈਪੀਐਸ ਪਲਕ ਗੋਇਲ ਦੀ ਅਗਵਾਈ ਵਿਚ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਟੀਮ ਵੱਲੋਂ ਦੋਵਾਂ ਧਿਰਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਹੁਣ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕਰਨੀ ਹੈ ਪਰ ਕੇਸ ਦਰਜ ਹੋਣ ਦੇ 90 ਦਿਨ ਬਾਅਦ ਵੀ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਹੈ।