ਹੁਣ 14 ਸਾਲ ਦੀ ਰੇਪ ਪੀੜਤਾ ਦਾ ਨਹੀਂ ਹੋਵੇਗਾ ਗਰਭਪਾਤ; ਸੁਪਰੀਮ ਕੋਰਟ ਨੇ ਵਾਪਸ ਲਿਆ ਆਪਣਾ ਹੁਕਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ SC ਨੇ ਪੀੜਤਾ ਨੂੰ 29 ਹਫ਼ਤਿਆਂ ਦਾ ਗਰਭਪਾਤ ਕਰਵਾਉਣ ਦੀ ਦਿੱਤੀ ਸੀ ਇਜਾਜ਼ਤ

Supreme Court

Supreme Court : ਸੁਪਰੀਮ ਕੋਰਟ ਨੇ ਸੋਮਵਾਰ ਨੂੰ 14 ਸਾਲਾ ਰੇਪ ਪੀੜਤਾ ਦੇ ਗਰਭਪਾਤ ਦੇ ਮਾਮਲੇ ਵਿੱਚ ਆਪਣਾ ਹੁਕਮ ਵਾਪਸ ਲੈ ਲਿਆ। ਹੁਣ ਨਾਬਾਲਗ ਬਲਾਤਕਾਰ ਪੀੜਤਾ ਦਾ ਗਰਭਪਾਤ ਨਹੀਂ ਹੋਵੇਗਾ। ਇਸ ਬਾਰੇ ਸੀਜੇਆਈ ਡੀਵਾਈ ਚੰਦਰਚੂੜ ਨੇ ਅੱਜ ਪੀੜਤਾ ਅਤੇ ਡਾਕਟਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ SC ਨੇ ਰੇਪ ਪੀੜਤਾ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਵਾਲਾ ਆਪਣਾ ਪਿਛਲਾ ਫੈਸਲਾ ਵਾਪਸ ਲੈ ਲਿਆ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੀੜਤਾ ਨੂੰ 29 ਹਫ਼ਤਿਆਂ ਦਾ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਜੇਕਰ ਪੀੜਤਾ ਇਸ ਗਰਭ ਨੂੰ ਰੱਖਦੀ ਹੈ ਤਾਂ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਪੀੜਤ ਦੀ ਸਿਹਤ ਅਤੇ ਮਨ 'ਤੇ ਮਾੜਾ ਅਸਰ ਪਵੇਗਾ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਅੱਜ ਪੀੜਤਾ ਦੀ ਮਾਂ ਅਤੇ ਮੁੰਬਈ ਦੇ ਸਾਯਨ ਹਸਪਤਾਲ ਦੇ ਡਾਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ।

ਸੀਜੇਆਈ ਦੀ ਅਗਵਾਈ ਵਾਲੀ ਬੈਂਚ ਨੇ ਵਾਪਸ ਲਿਆ ਹੁਕਮ 

ਪੀੜਤਾ ਦੀ ਮਾਂ ਅਤੇ ਡਾਕਟਰਾਂ ਦਾ ਪੱਖ ਸੁਣਨ ਤੋਂ ਬਾਅਦ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਆਪਣਾ ਪਹਿਲਾ ਹੁਕਮ ਵਾਪਸ ਲੈ ਲਿਆ, ਜਿਸ ਵਿੱਚ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਸੁਪਰੀਮ ਕੋਰਟ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਹੁਣ 14 ਸਾਲ ਦੀ ਬਲਾਤਕਾਰ ਪੀੜਤਾ ਦਾ ਗਰਭਪਾਤ ਨਹੀਂ ਹੋਵੇਗਾ।

ਹਾਈਕੋਰਟ ਨੇ ਨਹੀਂ ਦਿੱਤੀ ਸੀ ਗਰਭਪਾਤ ਦੀ ਇਜਾਜ਼ਤ  

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਗਰਭਪਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਸੀ ਕਿ ਉਸਨੂੰ ਗਰਭਵਤੀ ਹੋਏ ਕਾਫੀ ਦਿਨ ਹੋ ਗਏ ਹਨ। ਅਜਿਹੇ 'ਚ ਇਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।