ਪੂਰਬੀ ਲੱਦਾਖ਼ 'ਚ ਹਵਾਈ ਫ਼ੌਜ ਮੁਸਤੈਦ, ਅਗਲੇ ਮੋਰਚੇ ਲਈ ਚਿਨੁਕ ਉਤਾਰਿਆ, ਯੂਏਵੀ ਵੀ ਕੀਤਾ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਚੀਨੀ ਫ਼ੌਜ ਦੀ ਘੁਸਪੈਠ ਰੋਕਣ ਅਤੇ ਨਿਗਰਾਨੀ ਲਈ ਭਾਰਤ ਦੀ ਥਲ

File Photo

ਸ੍ਰੀਨਗਰ, 28 ਮਈ : ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਚੀਨੀ ਫ਼ੌਜ ਦੀ ਘੁਸਪੈਠ ਰੋਕਣ ਅਤੇ ਨਿਗਰਾਨੀ ਲਈ ਭਾਰਤ ਦੀ ਥਲ ਅਤੇ ਹਵਾਈ ਫ਼ੌਜ ਮੁਸਤੈਦ ਹੋ ਗਈ ਹੈ। ਥਲ ਸੈਨਾ ਨੇ ਗਲਵਾਨ ਘਾਟੀ ਅਤੇ ਪੈਗਾਂਗ ਤਸੋ ਇਲਾਕੇ 'ਚ ਯੂਏਵੀ (ਅਨਮੈਂਡ ਏਰੀਅਲ ਵ੍ਹੀਕਲ) ਤਾਇਨਾਤ ਕਰ ਦਿਤੇ ਹਨ। ਉਥੇ ਹੀ ਹਵਾਈ ਫ਼ੌਜ ਨੇ ਵੀ ਪੂਰਬੀ ਲੱਦਾਖ 'ਚ ਅਪਣੀਆਂ ਗਤੀਵਿਧੀਆਂ ਨੂੰ ਵਧਾਉਂਦੇ ਹੋਏ ਚਿਨੁਕ ਹੈਲੀਕਾਪਟਰ ਨੂੰ ਪਹਿਲਾਂ ਤੋਂ ਇਲਾਕਿਆਂ 'ਚ ਉਤਾਰਿਆ ਹੈ। ਲੇਹ ਸਥਿਤ ਸੈਨਾ ਦੀ ਫਾਇਰ ਐਂਡ ਫਿਊਰੀ ਕੋਰ ਅਧੀਨ ਫ਼ੌਜ ਦੀ 81 ਅਤੇ 114 ਬ੍ਰਿਗੇਡ ਨੇ ਚੀਨੀ ਸੈਨਾ ਨਾਲ ਨਜਿੱਠਣ ਲਈ ਅਪਣੇ ਜਵਾਨਾਂ ਅਤੇ ਅਧਿਕਾਰੀਆਂ ਨੂੰ 24 ਘੰਟਿਆਂ ਦੇ ਆਪਰੇਸ਼ਨਲ ਮੋਡ 'ਚ ਰਹਿਣ ਦੇ ਆਦੇਸ਼ ਦਿਤੇ ਹਨ। ਫ਼ੌਜ ਦੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਲਾਜ਼ਮੀ ਕਦਮ ਚੁੱਕੇ ਜਾ ਰਹੇ ਹਨ।

ਭਾਰਤੀ ਇਲਾਕੇ 'ਚ ਤਿੰਨ ਕਿਲੋਮੀਟਰ ਘੁਸਪੈਠ : ਚੀਨੀ ਫ਼ੌਜ ਦੇ ਜਵਾਨ ਕਥਿਤ ਤੌਰ 'ਤੇ ਗਲਵਾਨ ਘਾਟੀ ਦੇ ਦੱਖਣੀ ਪੂਰਬੀ ਹਿੱਸੇ 'ਚ ਭਾਰਤੀ ਇਲਾਕੇ 'ਚ ਤਿੰਨ ਕਿੱਲੋਮੀਟਰ ਅੱਗੇ ਤਕ ਆ ਚੁੱਕੇ ਹਨ। ਚੀਨੀ ਸੈਨਾ ਗਲਵਾਨ ਘਾਟੀ 'ਚ ਪੈਟਰੋਲ ਪੁਆਇੰਟ 14-15 ਅਤੇ ਗੋਗਰਾ ਚੌਕੀ ਨੇੜੇ ਵੀ ਤੰਬੂ ਲਗਾ ਚੁੱਕੀ ਹੈ। ਸ਼ੁਰੂ 'ਚ ਚੀਨੀ ਫ਼ੌਜ ਨੇ ਪੈਗਾਂਗ ਤਸੋ 'ਚ ਭਾਰਤੀ ਇਲਾਕੇ 'ਚ ਅਪਣੀਆਂ ਗਤੀਵਿਧੀਆਂ ਵਧਾਉਣ ਦਾ ਯਤਨ ਕੀਤਾ ਸੀ ਅਤੇ ਪੰਜ ਮਈ ਨੂੰ ਇਸ ਇਲਾਕੇ 'ਚ ਚੀਨੀ ਤੇ ਭਾਰਤੀ ਫ਼ੌਜੀਆਂ ਵਿਚਕਾਰ ਲਾਠੀਆਂ ਅਤੇ ਪੱਥਰਬਾਜ਼ੀ ਵੀ ਹੋਈ। ਇਸ ਤੋਂ ਬਾਅਦ ਚੀਨੀ ਫ਼ੌਜ ਨੇ ਗਲਵਾਨ ਘਾਟੀ 'ਚ ਗਤੀਵਿਧੀਆਂ ਵਧਾ ਦਿਤੀਆਂ।

ਚੀਨ ਨੇ ਸੜਕ ਅਤੇ ਬੰਕਰ ਬਣਾਉਣਾ ਸ਼ੁਰੂ ਕੀਤਾ : ਗਲਵਨ ਘਾਟੀ 'ਚ ਚੀਨੀ ਸੈਨਿਕਾਂ ਨੇ ਭਾਰਤੀ ਚੌਕੀ ਕੇਐੱਮ 120 ਤੋਂ ਕਰੀਬ 15 ਕਿਲੋਮੀਟਰ ਦੂਰ ਅਪਣਾ ਇਕ ਅਸਥਾਈ ਕੈਂਪ ਤਿਆਰ ਕੀਤਾ ਹੈ। ਚੀਨੀ ਸੈਨਿਕਾਂ ਨੇ ਇਸ ਇਲਾਕੇ 'ਚ ਆਪਣੇ ਤੰਬੂ ਲਗਾਏ ਹਨ ਅਤੇ ਉਥੇ ਉਨ੍ਹਾਂ ਦੇ ਵਾਹਨਾਂ ਅਤੇ ਹੋਰ ਸਾਜੋ-ਸਾਮਾਨ ਦੀ ਲਗਾਤਾਰ ਆਵਾਜਾਈ ਹੋ ਰਹੀ ਹੈ। ਚੀਨੀ ਫ਼ੌਜ ਨੇ ਅਪਣੇ ਇਲਾਕੇ 'ਚ ਭਾਰਤੀ ਚੌਕੀਆਂ ਦੇ ਸਾਹਮਣੇ ਸੜਕ ਅਤੇ ਬੰਕਰ ਬਣਾਉਣਾ ਵੀ ਸ਼ੁਰੂ ਕਰ ਦਿਤਾ ਹੈ। ਭਾਰਤੀ ਸੈਨਾ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ, ਪਰ ਚੀਨੀ ਫ਼ੌਜ ਨੇ ਅਪਣੀ ਨਿਰਮਾਣ ਗਤੀਵਿਧੀਆਂ ਨੂੰ ਜਾਰੀ ਰਖਿਆ ਹੈ।

ਸੈਨਾ ਨੇ ਵੀ ਵਧਾਈ ਤਾਇਨਾਤੀ : ਸਧਾਰਨ ਸਥਿਤੀਆਂ 'ਚ ਕੇਐੱਮ 120 ਚੌਕੀ 'ਤੇ ਭਾਰਤੀ ਸੈਨਾ ਅਤੇ ਭਾਰਤ ਤਿੱਬਤ ਸੀਮਾ ਪੁਲਿਸ ਦੇ ਲਗਪਗ 250 ਜਵਾਨ ਅਤੇ ਅਧਿਕਾਰੀ ਤਾਇਨਾਤ ਰਹਿੰਦੇ ਹਨ। ਇਸ ਇਲਾਕੇ ਤੋਂ ਅਕਸਰ ਸੈਨਾ ਦੇ ਕਾਫ਼ਲੇ ਲੰਘਦੇ ਹਨ ਪਰ ਚੀਨੀ ਫ਼ੌਜ ਦੇ ਜਮਾਵੜੇ ਨੂੰ ਦੇਖਦੇ ਹੋਏ ਭਾਰਤੀ ਸੈਨਾ ਨੇ ਵੀ ਇਸ ਚੌਕੀ ਅਤੇ ਇਸ ਦੇ ਨਾਲ ਸਟੇ ਇਲਾਕਿਆਂ 'ਚ ਅਪਣੇ ਜਵਾਨਾਂ ਦੀ ਗਿਣਤੀ ਨੂੰ ਵਧਾਇਆ ਜਾਵੇ।

ਪੰਜ ਹਜ਼ਾਰ ਚੀਨੀ ਸੈਨਿਕ ਜਮ੍ਹਾਂ : ਗਲਵਨ ਘਾਟੀ ਦੇ ਅਗਲੇ ਹਿੱਸੇ 'ਚ ਪੰਜ ਹਜ਼ਾਰ ਚੀਨੀ ਸੈਨਿਕ ਮੌਜੂਦ ਹਨ, ਜਿਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤ ਨੇ ਵੀ ਜ਼ਰੂਰੀ ਸਾਜੋ-ਸਾਮਾਨ ਸਮੇਤ ਫ਼ੋਰਸ ਨੂੰ ਵਧਾ ਦਿਤਾ ਹੈ। ਯੂਏਵੀ ਵੀ ਤਾਇਨਾਤ ਕੀਤੇ ਗਏ ਹਨ। ਸੂਤਰਾਂ ਨੇ ਦਸਿਆ ਕਿ ਸੀਨੀਅਰ ਸੈਨਾ ਅਧਿਕਾਰੀ ਅਤੇ ਰਖਿਆ ਮੰਤਰਾਲੇ 'ਚ ਬੈਠੇ ਉੱਚ-ਅਧਿਕਾਰੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਦੇ ਹੋਏ ਚੀਨੀ ਸੈਨਾ ਦੀਆਂ ਗਤੀਵਿਧੀਆਂ ਦੇ ਤਰ੍ਹਾਂ ਹੀ ਭਾਰਤੀ ਸੈਨਾ ਦੀਆਂ ਗਤੀਵਿਧੀਆਂ ਨੂੰ ਵਧਾ ਰਹੇ ਹਨ। ਲੇਹ ਸਥਿਤ ਸੈਨਾ ਦੀ ਫਾਇਰ ਐਂਡ ਫਿਊਰੀ ਕੋਰ 'ਚ ਹੀ ਉਤਰੀ ਕਮਾਨ ਦਫ਼ਤਰ 'ਚ ਵੀ ਚੀਨ ਦੇ ਹਾਲਾਤ ਨੂੰ ਲੈ ਕੇ ਯੋਜਨਾਵਾਂ 'ਤੇ ਚਰਚਾ ਹੋਈ ਹੈ।