ਵਿਦੇਸ਼ੀ ਮਾਹਰਾਂ ਨੇ ਹਾਦਸਾਗ੍ਰਸਤ ਪਾਕਿਸਤਾਨੀ ਜਹਾਜ਼ ਦਾ ਕਾਕਪਿਟ ਆਵਾਜ਼ ਰਿਕਾਰਡਰ ਲਭਿਆ
ਵਿਦੇਸ਼ੀ ਮਾਹਰਾਂ ਦੀ ਇਕ ਟੀਮ ਨੇ ਵੀਰਵਾਰ ਨੂੰ ਲਗਭਗ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਇਕ ਜਹਾਜ਼ ਦੇ ਮਲਬੇ
ਕਰਾਚੀ, 28 ਮਈ : ਵਿਦੇਸ਼ੀ ਮਾਹਰਾਂ ਦੀ ਇਕ ਟੀਮ ਨੇ ਵੀਰਵਾਰ ਨੂੰ ਲਗਭਗ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਇਕ ਜਹਾਜ਼ ਦੇ ਮਲਬੇ ਵਿਚੋਂ ਕਾਕਪਿਟ ਆਵਾਜ਼ ਰਿਕਾਰਡਰ ਲੱਭਿਆ ਹੈ। ਇਹ ਹਾਦਸਾ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿਚੋਂ ਇਕ ਹੈ। ਲਾਹੌਰ ਤੋਂ ਕਰਾਚੀ ਜਾ ਰਿਹਾ ਏਅਰਬੱਸ ਏ 320 ਜਹਾਜ਼ ਪਿਛਲੇ ਸ਼ੁਕਰਵਾਰ ਨੂੰ ਜਿੰਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ’ਚ 97 ਲੋਕ ਮਾਰੇ ਗਏ ਅਤੇ ਦੋ ਲੋਕ ਚਮਤਕਾਰੀ ਢੰਗ ਨਾਲ ਬਚ ਗਏ ਸਨ।
ਵਿਦੇਸ਼ੀ ਮਾਹਰਾਂ ਦੀ 11 ਮੈਂਬਰੀ ਟੀਮ ਨੇ ਵੀਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਾਕਪਿਟ ਆਵਾਜ਼ ਰਿਕਾਰਡਰ ਦੀ ਖੋਜ ਕੀਤੀ, ਜੋ ਜਾਂਚ ਵਿਚ ਇਕ ਮਹੱਤਵਪੂਰਣ ਸਬੂਤ ਹੋਵੇਗਾ। ਟੀਮ ਵਿਚ ਏਅਰਬੱਸ ਕੰਪਨੀ ਦੇ ਨੁਮਾਇੰਦੇ ਵੀ ਸ਼ਾਮਲ ਸਨ। ਕਾਕਪਿਟ ਆਵਾਜ਼ ਰਿਕਾਰਡਰ ਇਕ ਅਜਿਹਾ ਉਪਕਰਣ ਹੈ ਜੋ ਪਾਇਲਟ ਦੇ ਹੈੱਡਸੈੱਟ ਦੇ ਮਾਈਕ੍ਰੋਫੋਨ ਅਤੇ ਈਅਰਫੋਨ ਦੇ ਆਡੀਓ ਸੰਕੇਤਾਂ ਨੂੰ ਰਿਕਾਰਡ ਕਰਦਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ। ਇਹ ਹਾਦਸਿਆਂ ਦੀ ਜਾਂਚ ਵਿਚ ਮਦਦਗਾਰ ਹੁੰਦਾ ਹੈ। ਪੀ. ਆਈ. ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਟੀਮ ਨੇ ਵੀਰਵਾਰ ਨੂੰ ਮਲਬੇ ਵਾਲੀ ਥਾਂ ’ਤੇ 5 ਘੰਟੇ ਛਾਣ-ਬੀਣ ਕੀਤੀ ਅਤੇ ਉਨ੍ਹਾਂ ਨੂੰ ਇਹ ਆਵਾਜ਼ ਰਿਕਾਰਡਰ ਮਿਲਿਆ। (ਪੀਟੀਆਈ)