ਬੰਗਲਾਦੇਸ਼ ’ਚ ਫਸੇ ਭਾਰਤੀਆਂ ਨੇ ਕੀਤੀ ਸੜਕ ਰਾਹੀਂ ਵਤਨ ਵਾਪਸੀ
ਬੰਗਲਾਦੇਸ਼ ਵਿਚ ਲਾਕਡਾਊਨ ਦੇ ਕਾਰਣ ਫਸੇ ਤਕਰੀਬਨ 200 ਭਾਰਤੀਆਂ ਨੂੰ ਸੜਕ ਰਸਤੇ ਭਾਰਤ ਭੇਜਿਆ ਗਿਆ
ਢਾਕਾ, 28 ਮਈ : ਬੰਗਲਾਦੇਸ਼ ਵਿਚ ਲਾਕਡਾਊਨ ਦੇ ਕਾਰਣ ਫਸੇ ਤਕਰੀਬਨ 200 ਭਾਰਤੀਆਂ ਨੂੰ ਸੜਕ ਰਸਤੇ ਭਾਰਤ ਭੇਜਿਆ ਗਿਆ। ਬੰਗਲਾਦੇਸ਼ ਵਿਚ ਫਸੇ ਇਨ੍ਹਾਂ ਭਾਰਤੀਆਂ ਵਿਚ ਜ਼ਿਆਦਾਤਰ ਉੱਤਰ-ਪੂਰਬੀ ਸੂਬਿਆਂ ਦੇ ਨਿਵਾਸੀ ਹਨ, ਜਿਨ੍ਹਾਂ ਨੂੰ ਤਿੰਨ ਸਰਹੱਦੀ ਚੌਕੀਆਂ ਰਾਹੀਂ ਭੇਗਿਆ ਗਿਆ। ਭਾਰਤੀ ਹਾਈ ਕਮਿਸ਼ਨ ਨੇ ਇਥੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਬੰਗਲਾਦੇਸ਼ ਦੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਅਖੌਰਾ-ਅਗਰਤਲਾ ਦੀ ਜਾਂਚ ਚੌਕੀ ਦਾ ਦੌਰਾ ਕੀਤਾ ਤੇ ਤ੍ਰਿਪੁਰਾ ਜਾਣ ਵਾਲੇ ਭਾਰਤੀਆਂ ਨਾਲ ਗੱਲਬਾਤ ਕੀਤੀ। ਹਾਈ ਕਮਿਸ਼ਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਟਵੀਟ ਵਿਚ ਕਿਹਾ ਗਿਆ ਕਿ ਇਸ ਤੋਂ ਇਲਾਵਾ ਮੇਘਾਲਿਆ ਨਾਲ ਲਗਦੀ ਦੌਕੀ-ਤਮਾਬਿਲ ਸਰਹੱਦੀ ਚੌਕੀ ਤੇ ਅਸਮ ਦੀ ਸਰਹੱਦ ਨਾਲ ਲਗਦੀ ਸੁਤਰਕਾਂਡੀ-ਸ਼ਿਓਲਾ ਚੌਕੀ ਤੋਂ ਵੀ ਭਾਰਤੀਆਂ ਨੂੰ ਭੇਜਿਆ ਗਿਆ। ਭਾਰਤੀ ਹਾਈ ਕਮਿਸ਼ਨ ਨੇ ਇਕ ਵੀਡੀਉ ਵੀ ਸਾਂਝੀ ਕੀਤੀ, ਜਿਸ ਵਿਚ ਘਰ ਵਾਪਸ ਜਾਣ ਵਾਲੇ ਵਿਦਿਆਰਥੀ ਬੇਹੱਦ ਉਤਸ਼ਾਹਿਤ ਨਜ਼ਰ ਆਏ ਰਹੇ ਹਨ।
ਹਾਈ ਕਮਿਸ਼ਨ ਨੇ ਵਤਨ ਵਾਪਸੀ ਦੇ ਇਛੁੱਕ ਭਾਰਤੀਆਂ ਲਈ ਅਪਣੀ ਵੈੱਬਸਾਈਟ ’ਤੇ ਲਿੰਕ ਸਾਂਝਾ ਕੀਤਾ ਸੀ, ਜਿਥੇ ਉਹ ਵਾਪਸੀ ਲਈ ਅਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬੰਗਲਾਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ 8 ਮਈ ਤੋਂ ਸ਼ੁਰੂ ਹੋਈ ਸੀ। ਇਸ ਦੇ ਤਹਿਤ ਪਹਿਲੇ ਪੜਾਅ ਵਿਚ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 168 ਵਿਦਿਆਰਥੀ ਢਾਕਾ ਤੋਂ ਭਾਰਤ ਪਰਤੇ ਸਨ। (ਪੀਟੀਆਈ)