ਨਕਲੀ ਟੀਕੇ ਵੇਚਣ ਵਾਲਾ ਭਾਜਪਾ ਨੇਤਾ ਗ੍ਰਿਫ਼ਤਾਰ, ਪੁਲਿਸ 'ਤੇ ਝਾੜ ਰਿਹਾ ਸੀ ਰੋਹਬ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਕਾਸ਼ ਕੋਲੋ ਜੋ ਕਾਰ ਮਿਲੀ ਹੈ ਉਸ ਉੱਤੇ ਹਾਈਕੋਰਟ ਲਿਖਿਆ ਹੋਇਆ ਸੀ

BJP leader arrested for selling fake vaccines

ਨਵੀਂ ਦਿੱਲੀ - ਬਲੈਕ ਫੰਗਸ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਐਂਟੀਫੰਗਲ ਟੀਕਿਆਂ ਦੀ ਕਾਲੀ ਬਾਜ਼ਾਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਇਕ ਨੌਜਵਾਨ ਭਾਜਪਾ ਦਾ ਨੇਤਾ ਨਿਕਲਿਆ। ਯਸ਼ੋਦਾ ਨਗਰ ਨਿਵਾਸੀ ਪ੍ਰਕਾਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪੁਲਿਸ ਵਾਲਿਆਂ 'ਤੇ ਆਪਣੀ ਸੱਤਾ ਦਾ ਰੋਹਬ ਝਾੜਨ ਲੱਗਾ। ਪਰ ਜਦੋਂ ਉਸ ਨੂੰ ਰੰਗੇ ਹੱਥੀਂ ਫੜਿਆ ਗਿਆ, ਤਾਂ ਪੁਲਿਸ ਨੇ ਉਸ ਦੀ ਇੱਕ ਨਾ ਸੁਣੀ। ਸ਼ੁੱਕਰਵਾਰ ਨੂੰ ਐਫਆਈਆਰ ਦਰਜ ਕਰਨ ਤੋਂ ਬਾਅਦ ਪ੍ਰਕਾਸ਼ ਅਤੇ ਉਸ ਦੇ ਸਾਥੀ ਝਾਨੇਸ਼ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪ੍ਰਕਾਸ਼ ਕੋਲੋ ਜੋ ਕਾਰ ਮਿਲੀ ਹੈ ਉਸ ਉੱਤੇ ਹਾਈਕੋਰਟ ਲਿਖਿਆ ਹੋਇਆ ਸੀ। ਪੁਲਿਸ ਨੇ ਕਾਰ ਨੂੰ ਵੀ ਕਾਬੂ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਪਰ ਸੱਚ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ। ਗਵਾਲਟੋਲੀ ਥਾਣੇ ਦੇ ਇੰਚਾਰਜ ਕੌਸ਼ਲ ਕਿਸ਼ੋਰ ਦੀਕਸ਼ਿਤ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਪ੍ਰਕਾਸ਼ ਮਿਸ਼ਰਾ ਭਾਰਤੀ ਜਨਤਾ ਯੁਵਾ ਮੋਰਚੇ ਵਿਚ ਵਰਕਿੰਗ ਕਮੇਟੀ ਮੈਂਬਰ ਸਨ। ਇਸ ਦੇ ਨਾਲ ਸ਼ਹਿਰ ਦੇ ਇਕ ਮੰਤਰੀ ਨਾਲ ਉਸ ਦਾ ਉੱਠਣਾ ਬੈਠਣਾ ਸੀ।

ਮੰਤਰੀ ਦੀ ਮਦਦ ਨਾਲ ਉਨ੍ਹਾਂ ਨੇ ਕਾਨਪੁਰ ਤੋਂ ਲਖਨਊ ਤੱਕ ਦੇ ਨੇਤਾਵਾਂ ਵਿਚ ਚੰਗੀ ਪਹੁੰਚ ਬਣਾ ਰੱਖੀ ਹੈ। ਉਸ ਦੇ ਫੇਸਬੁੱਕ ਪ੍ਰੋਫਾਈਲ ਦੀ ਜਾਂਚ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਾਰਾਨਸੀ ਵਿੱਚ ਇੱਕ ਮਰੀਜ਼ ਦੀ ਜਾਅਲੀ ਟੀਕਾ ਲੱਗਣ ਕਾਰਨ ਮੌਤ ਹੋ ਗਈ ਸੀ। ਸ਼ਿਕਾਇਤਕਰਤਾ ਨੇ ਭਾਜਪਾ ਨੇਤਾ ਤੋਂ ਬਲੈਕ ਵਿਚ ਟੀਕੇ ਵੀ ਖਰੀਦੇ ਸਨ। ਇਸ ਤੋਂ ਬਾਅਦ ਡਾਕਟਰ ਨੇ ਜਾਂਚ ਵਿਚ ਇਹ ਟੀਕਾ ਨਕਲੀ ਦੱਸਿਆ ਤਾਂ ਉਸ ਨੇ ਉਹਨਾਂ ਦੀ ਸ਼ਿਕਾਇਤ ਗਵਾਲਟੋਲੀ ਥਾਣੇ ਵਿਚ ਕੀਤੀ ਸੀ।

ਪੁਲਿਸ ਨੇ ਭਾਜਪਾ ਨੇਤਾ ਪ੍ਰਕਾਸ਼ ਮਿਸ਼ਰਾ ਅਤੇ ਉਸ ਦੇ ਇਕ ਸਾਥੀ ਰਤਨਦੀਪ ਅਪਾਰਟਮੈਂਟ ਨਿਵਾਸੀ ਗਿਆਨੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਨਕਲੀ ਟੀਕਾ ਰੈਕੇਟ ਸਿਰਫ ਕਾਨਪੁਰ ਵਿਚ ਹੀ ਨਹੀਂ, ਪ੍ਰਯਾਗਰਾਜ, ਵਾਰਾਣਸੀ ਤੋਂ ਲੈ ਕੇ ਯੂਪੀ ਦੇ ਕਈ ਜ਼ਿਲ੍ਹਿਆਂ ਵਿਚ ਫੈਲਿਆ। ਭਾਜਪਾ ਨੇਤਾ ਪ੍ਰਯਾਗਰਾਜ ਦੇ ਇਕ ਮੈਡੀਕਲ ਸਟੋਰ ਤੋਂ ਟੀਕੇ ਲੈ ਰਹੇ ਸਨ।

ਫੋਰੈਂਸਿਕ ਸਾਇੰਸ ਲੈਬਾਰਟਰੀ ਵਿਚ ਤਾਇਨਾਤ ਡਰੱਗ ਇੰਸਪੈਕਟਰ ਡਾ: ਸੀਮਾ ਸਿੰਘ ਨੂੰ ਜਾਂਚ ਲਈ ਮੌਕੇ ‘ਤੇ ਬੁਲਾਇਆ ਗਿਆ ਸੀ। ਉਸ ਨੇ ਮੁੱਢਲੀ ਜਾਂਚ ਵਿਚ ਦੱਸਿਆ ਕਿ ਜ਼ਬਤ ਕੀਤੇ ਗਏ ਸਾਰੇ ਟੀਕੇ ਨਕਲੀ ਸਨ। ਫਿਰ ਵੀ, ਇਸ ਦਾ ਨਮੂਨਾ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਜਾਂਚ ਲਈ ਭੇਜਿਆ ਗਿਆ ਹੈ। ਹੁਣ ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਦੀ ਪੁਸ਼ਟੀ ਸਾਫ਼ ਹੋ ਜਾਵੇਗੀ।