ਉੜੀਸਾ ’ਚ ਮੋਦੀ ਨੇ ਪੁਛਿਆ, ‘ਕੀ ਨਵੀਨ ਬਾਬੂ ਦੀ ਵਿਗੜਦੀ ਸਿਹਤ ਪਿੱਛੇ ਕੋਈ ਸਾਜ਼ਸ਼ ਹੈ?’
ਪਟਨਾਇਕ ਦਾ ਮੋਦੀ ਨੂੰ ਜਵਾਬ, ‘ਤੁਹਾਡੀ ਪਾਰਟੀ ਦੇ ਕੁੱਝ ਲੋਕ ਹੀ ਮੇਰੀ ਸਹਿਤ ਬਾਰੇ ਅਫ਼ਵਾਹ ਫੈਲਾ ਰਹੇ ਨੇ’
ਬਾਰੀਪਦਾ/ਬਾਲਾਸੋਰ (ਉੜੀਸਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਿਹਤ ਅਚਾਨਕ ਵਿਗੜਨ ਪਿੱਛੇ ਸਾਜ਼ਸ਼ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਅਤੇ ਵਾਅਦਾ ਕੀਤਾ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ’ਚ ਆਉਂਦੀ ਹੈ ਤਾਂ ਉਹ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕਰੇਗੀ।
ਜਵਾਬ ’ਚ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਹ ਪਿਛਲੇ ਇਕ ਮਹੀਨੇ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਹਨ। ਮਯੂਰਭੰਜ ਅਤੇ ਬਾਲਾਸੋਰ ਲੋਕ ਸਭਾ ਹਲਕਿਆਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਪੰਜ ਦਹਾਕਿਆਂ ਦੇ ਅੰਤਰਾਲ ਤੋਂ ਬਾਅਦ ਕੇਂਦਰ ਨੂੰ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਮਿਲੇਗਾ।
ਉਨ੍ਹਾਂ ਕਿਹਾ, ‘‘ਸਵਾਲ ਇਹ ਹੈ ਕਿ ਕੀ ਨਵੀਨ ਬਾਬੂ ਦੀ ਵਿਗੜਦੀ ਸਿਹਤ ਪਿੱਛੇ ਕੋਈ ਸਾਜ਼ਸ਼ ਹੈ? ਇਹ ਜਾਣਨਾ ਓਡੀਸ਼ਾ ਦੇ ਲੋਕਾਂ ਦਾ ਅਧਿਕਾਰ ਹੈ। ਕੀ ਇਹ ਉਸ ਲਾਬੀ ਦੀ ਸ਼ਮੂਲੀਅਤ ਹੈ ਜੋ ਨਵੀਨ ਬਾਬੂ ਦੇ ਨਾਮ ’ਤੇ ਪਰਦੇ ਦੇ ਪਿੱਛੇ ਓਡੀਸ਼ਾ ’ਚ ਸੱਤਾ ਦਾ ਆਨੰਦ ਮਾਣ ਰਹੀ ਹੈ?’’
ਉਨ੍ਹਾਂ ਕਿਹਾ ਕਿ ਇਸ ਰਹੱਸ ਨੂੰ ਸੁਲਝਾਉਣਾ ਮਹੱਤਵਪੂਰਨ ਹੈ। ਇਸ ਲਈ 10 ਜੂਨ ਤੋਂ ਬਾਅਦ ਓਡੀਸ਼ਾ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰੇਗੀ ਅਤੇ ਜਾਂਚ ਕਰੇਗੀ ਕਿ ਨਵੀਨ ਬਾਬੂ ਦੀ ਸਿਹਤ ਅਚਾਨਕ ਕਿਉਂ ਖਰਾਬ ਹੋ ਰਹੀ ਹੈ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਜਨਤਕ ਤੌਰ ’ਤੇ ਕਿਹਾ ਸੀ ਕਿ ਮੈਂ ਉਨ੍ਹਾਂ ਦਾ ਚੰਗਾ ਦੋਸਤ ਹਾਂ। ਉਹ ਸਿਰਫ ਮੈਨੂੰ ਫੋਨ ਕਰ ਕੇ ਮੇਰੀ ਸਿਹਤ ਬਾਰੇ ਜਾਣ ਲੈਂਦੇ। ਪਰ ਓਡੀਸ਼ਾ ਅਤੇ ਦਿੱਲੀ ’ਚ ਭਾਜਪਾ ਦੇ ਕੁੱਝ ਲੋਕ ਮੇਰੀ ਸਿਹਤ ਬਾਰੇ ਅਫਵਾਹਾਂ ਫੈਲਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੇਰੀ ਸਿਹਤ ਠੀਕ ਹੈ ਅਤੇ ਮੈਂ ਪਿਛਲੇ ਇਕ ਮਹੀਨੇ ਤੋਂ ਸੂਬੇ ’ਚ ਚੋਣ ਪ੍ਰਚਾਰ ਕਰ ਰਿਹਾ ਹਾਂ।’’
ਤਾਮਿਲਨਾਡੂ ਦੇ ਰਹਿਣ ਵਾਲੇ ਅਤੇ ਪਟਨਾਇਕ ਦੇ ਕਰੀਬੀ ਮੰਨੇ ਜਾਣ ਵਾਲੇ ਬੀਜੂ ਜਨਤਾ ਦਲ (ਬੀ.ਜੇ.ਡੀ.) ਆਗੂ ਵੀ.ਕੇ. ਪਾਂਡੀਅਨ ਵਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਪੂਰਾ ਓਡੀਸ਼ਾ ਚਾਹੁੰਦਾ ਹੈ ਕਿ ਇਕ ਓਡੀਆ ਸੂਬੇ ਦਾ ਮੁੱਖ ਮੰਤਰੀ ਬਣੇ। ਉਨ੍ਹਾਂ ਕਿਹਾ, ‘‘ਓਡੀਸ਼ਾ ਦੇ ਲੋਕਾਂ ਨੇ ਸੂਬੇ ’ਚ ਬੀ.ਜੇ.ਡੀ. ਦੇ 25 ਸਾਲਾਂ ਦੇ ਸ਼ਾਸਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।’’