‘ਕੀ ਕੋਈ ਏਨੇ ਬੱਚੇ ਪੈਦਾ ਕਰਦਾ ਹੈ’, ਨਿਤੀਸ਼ ਕੁਮਾਰ ਦੀ ਟਿਪਣੀ ਦਾ ਰਾਬੜੀ ਦੇਵੀ ਨੇ ਜਾਣੋ ਕੀ ਦਿਤਾ ਜਵਾਬ
ਰਾਬੜੀ ਨੇ ਰਾਖਵਾਂਕਰਨ ਬਚਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਮੋਦੀ ਜੀ ਰਾਖਵਾਂਕਰਨ ਬਾਰੇ ਝੂਠ ਬੋਲ ਰਹੇ ਹਨ
ਪਟਨਾ: ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਦੇ 9 ਬੱਚਿਆਂ ਬਾਰੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਟਿਪਣੀ ’ਤੇ ਬੁਧਵਾਰ ਨੂੰ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਨਿਤੀਸ਼ ਕੁਮਾਰ ਦਾ ਇਕ ਬੇਟਾ ਹੈ ਅਤੇ ਉਹ ਉਨ੍ਹਾਂ ਨੂੰ ਸੰਭਾਲ ਵੀ ਨਹੀਂ ਸਕਦੇ।
ਪੀ.ਟੀ.ਆਈ. ਵੀਡੀਉ ਨਾਲ ਗੱਲਬਾਤ ਕਰਦਿਆਂ ਰਾਬੜੀ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਉਨ੍ਹਾਂ ਦਾ ਸਿਰਫ ਇਕ ਬੇਟਾ ਹੈ, ਜਿਸ ਨੂੰ ਵੀ ਉਹ ਸੰਭਾਲਣ ’ਚ ਅਸਮਰੱਥ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਨਿਤੀਸ਼ ਕੁਮਾਰ ਚੋਣ ਪ੍ਰਚਾਰ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੂੰ ਇਸ ਤੱਥ ਨਾਲ ਵੀ ਸਮੱਸਿਆ ਹੈ ਕਿ ਸਾਡੇ ਨੌਂ ਬੱਚੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਪਰਵਾਰ ਦੇ ਨਾਲ-ਨਾਲ ਰਾਜ ਵੀ ਚਲਾਉਂਦੇ ਹਾਂ। ਜੇਕਰ ਲੋੜ ਪਈ ਤਾਂ ਅਸੀਂ ਦੇਸ਼ ਨੂੰ ਚਲਾ ਸਕਦੇ ਹਾਂ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਾਰੇ ਬੱਚੇ ਅਪਣੇ ਪੈਰਾਂ ’ਤੇ ਖੜ੍ਹੇ ਹਨ ਅਤੇ ਹੁਣ ਪਤੀ-ਪਤਨੀ ਘਰ ਚਲਾਉਂਦੇ ਹਨ।
ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਨੇ ਅਪਣੀਆਂ ਚੋਣ ਰੈਲੀਆਂ ’ਚ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੇ 9 ਬੱਚਿਆਂ ਵਾਲੇ ਪਰਵਾਰ ਵਲ ਇਸ਼ਾਰਾ ਕਰਦਿਆਂ ਕਿਹਾ ਸੀ, ‘‘ਕੀ ਕੋਈ ਏਨੇ ਬੱਚੇ ਪੈਦਾ ਕਰਦਾ ਹੈ?’’
ਰਾਬੜੀ ਦੇਵੀ ਅਪਣੀ ਵੱਡੀ ਬੇਟੀ ਮੀਸਾ ਭਾਰਤੀ ਲਈ ਵੱਡੇ ਪੱਧਰ ’ਤੇ ਪ੍ਰਚਾਰ ਕਰ ਰਹੇ ਹਨ, ਜੋ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਆਰ.ਜੇ.ਡੀ. ਉਮੀਦਵਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ‘ਪਲਟ ਗਈਆਂ ਹਨ’ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਹਾਰ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਚੋਣਾਂ ਤੋਂ ਬਾਅਦ ਤੇਜਸਵੀ ਦੇ ਜੇਲ੍ਹ ਜਾਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਕਿਹਾ, ‘‘ਜਿੰਨੀਆਂ ਤੁਸੀਂ ਗਾਲ੍ਹਾਂ ਕੱਢਣਾ ਚਾਹੁੰਦੇ ਹੋ ਕੱਢ ਲਉ, ਜੇਲ੍ਹ ਭੇਜਣਾ ਚਾਹੁੰਦੇ ਹੋ ਭੇਜ ਦਿਓ। ਸਾਰਾ ਕੁੱਝ ਕਰ ਲਵੋ। ਹੁਣ ਰਹਿ ਹੀ ਕੀ ਗਿਆ ਹੈ। ਹੁਣ ਤਿਆਰ ਰਹੋ ਖ਼ੁਦ ਵੀ ਜਾਣ ਲਈ।’’
ਰਾਬੜੀ ਨੇ ਪ੍ਰਧਾਨ ਮੰਤਰੀ ਦੇ ‘ਪਰਮਾਤਮਾ ਵਲੋਂ ਭੇਜੇ’ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘10 ਸਾਲਾਂ ’ਚ ਰੱਬ ਵਲੋਂ ਭੇਜਿਆ ਗਿਆ ਹੈ। ਤੁਸੀਂ 10 ਸਾਲਾਂ ’ਚ ਦੇਸ਼ ਲਈ ਕੀ ਕੀਤਾ ਹੈ? 10 ਸਾਲਾਂ ’ਚ ਪੈਦਾ ਹੋਏ। ਉਨ੍ਹਾਂ ਨੂੰ, ਸਾਨੂੰ ਅਤੇ ਸਾਰਿਆਂ ਨੂੰ ਪਰਮਾਤਮਾ ਨੇ ਜਨਮ ਦਿਤਾ ਹੈ।’’
ਰਾਬੜੀ ਨੇ ਰਾਖਵਾਂਕਰਨ ਬਚਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਮੋਦੀ ਜੀ ਰਾਖਵਾਂਕਰਨ ਬਾਰੇ ਝੂਠ ਬੋਲ ਰਹੇ ਹਨ। ਉਹ ਕਿਹਾ, ‘‘ਉਹ ਕਹਿ ਰਹੇ ਹਨ ਕਿ ਅਸੀਂ ਮੰਗਲਸੂਤਰ ਖੋਹ ਕੇ ਮੁਸਲਮਾਨ ਨੂੰ ਦੇ ਦੇਵਾਂਗੇ। ਇਹ ਪ੍ਰਧਾਨ ਮੰਤਰੀ ਦੀ ਬੋਲੀ ਹੈ। ਪ੍ਰਧਾਨ ਮੰਤਰੀ ਵਿਕਾਸ, ਰੁਜ਼ਗਾਰ ਅਤੇ ਮਹਿੰਗਾਈ ਬਾਰੇ ਨਹੀਂ ਬੋਲ ਰਹੇ, ਸੰਵਿਧਾਨ ਨੂੰ ਬਚਾਉਣ ਬਾਰੇ ਨਹੀਂ ਬੋਲ ਰਹੇ।’’
ਉਨ੍ਹਾਂ ਕਿਹਾ ਕਿ ‘ਬੁੜਬਕ’ ਮੁੰਡਾ ਵੀ ਉਸ ਤਰ੍ਹਾਂ ਭਾਸ਼ਣ ਨਹੀਂ ਦੇਵੇਗਾ ਜਿਵੇਂ ਉਹ (ਮੋਦੀ) ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਅਪਣੇ ਅਹੁਦੇ ਦੀ ਇੱਜ਼ਤ ਘਟਾ ਦਿਤੀ ਹੈ।’’