ਮਹਿਲਾ ਪੱਤਰਕਾਰ ਨੇ ਟੀ.ਵੀ. ਚੈਨਲ ਦੇ ਡਾਇਰੈਕਟਰ ਵਿਰੁਧ ਦਰਜ ਕਰਵਾਇਆ ਮਾਮਲਾ
ਪੀੜਤਾ ਨੇ ਟੀ.ਵੀ. ਚੈਨਲ ਦੇ ਨਿਰਦੇਸ਼ਕ ਸ਼ਾਂਤਨੂ ਸ਼ੁਕਲਾ ’ਤੇ ਡਿਊਟੀ ਦੌਰਾਨ ਛੇੜਛਾੜ ਦੇ ਦੋਸ਼ ਲਾਏ
ਨੋਇਡਾ: ਗੌਤਮ ਬੁੱਧ ਨਗਰ ਥਾਣੇ ਦੇ ਸੈਕਟਰ 113 ’ਚ ਇਕ ਮਹਿਲਾ ਪੱਤਰਕਾਰ ਨੇ ਇਕ ਟੀ.ਵੀ. ਚੈਨਲ ਦੇ ਨਿਰਦੇਸ਼ਕ ਵਿਰੁਧ ਅਸ਼ਲੀਲ ਹਰਕਤਾਂ, ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਸਮੇਤ ਵੱਖ-ਵੱਖ ਦੋਸ਼ਾਂ ’ਚ ਐਫ.ਆਈ.ਆਰ. ਦਰਜ ਕਰਵਾਈ ਹੈ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਡਿਪਟੀ ਕਮਿਸ਼ਨਰ (ਜ਼ੋਨ-1) ਵਿਦਿਆਸਾਗਰ ਮਿਸ਼ਰਾ ਨੇ ਦਸਿਆ ਕਿ ਸੈਕਟਰ 75 ਦੀ ਇਕ ਸੁਸਾਇਟੀ ’ਚ ਰਹਿਣ ਵਾਲੀ ਇਕ ਮਹਿਲਾ ਪੱਤਰਕਾਰ ਨੇ ਬੀਤੀ ਰਾਤ ਥਾਣੇ ’ਚ ਰੀਪੋਰਟ ਦਰਜ ਕਰਵਾਈ।
ਮਿਸ਼ਰਾ ਦੇ ਅਨੁਸਾਰ, ਪੀੜਤਾ ਨੇ ਦੋਸ਼ ਲਾਇਆ ਕਿ ਟੀ.ਵੀ. ਚੈਨਲ ਦੇ ਨਿਰਦੇਸ਼ਕ ਸ਼ਾਂਤਨੂ ਸ਼ੁਕਲਾ ਨੇ ਡਿਊਟੀ ਦੌਰਾਨ ਕਈ ਮੌਕਿਆਂ ’ਤੇ ਗਲਤ ਤਰੀਕੇ ਨਾਲ ਵੇਖਿਆ, ਛੂਹਿਆ ਅਤੇ ਇਤਰਾਜ਼ਯੋਗ ਚੀਜ਼ਾਂ ਕੀਤੀਆਂ, ਜਿਸ ਦਾ ਸ਼ਿਕਾਇਤਕਰਤਾ ਨੇ ਹਮੇਸ਼ਾ ਵਿਰੋਧ ਕੀਤਾ ਅਤੇ ਬਾਅਦ ’ਚ ਮੁਲਜ਼ਮ ਨਾਲ ਗੱਲ ਕਰਨਾ ਬੰਦ ਕਰ ਦਿਤਾ।
ਡੀ.ਸੀ.ਪੀ. ਮਿਸ਼ਰਾ ਨੇ ਦਸਿਆ ਕਿ ਮਹਿਲਾ ਪੱਤਰਕਾਰ ਨੇ ਦੋਸ਼ ਲਾਇਆ ਕਿ ਸ਼ੁਕਲਾ ਨੇ ਉਸ ਨੂੰ ਲਖਨਊ ’ਚ ਇਕ ਪ੍ਰੋਗਰਾਮ ’ਚ ਅਪਣੇ ਨਾਲ ਜਾਣ ਲਈ ਮਜਬੂਰ ਕੀਤਾ। ਜਦੋਂ ਮਹਿਲਾ ਪੱਤਰਕਾਰ ਨੇ ਇਨਕਾਰ ਕਰ ਦਿਤਾ ਤਾਂ ਦੋਸ਼ੀ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਸ਼ਿਕਾਇਤਕਰਤਾ ਦੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਵੀ ਦਿਤੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ੁਕਲਾ ਅਤੇ ਚੈਨਲ ਦੇ ਚੇਅਰਮੈਨ ਐਲ ਐਨ ਮਾਲਵੀਆ ਵਿਰੁਧ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।