ਗੰਭੀਰ ਦੋਸ਼ਾਂ ਦੇ ਚਲਦੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਪੂਰਥਲਾ ਵਿਚ ਔਰਤਾਂ ਦੇ ਲਈ ਬਣਾਏ ਗਏ ਨਸ਼ਾ ਛੁਡਾਉਣ ਦੇ ਨਵ ਕਿਰਨ ਕੇਂਦਰ ਵਿਚ ਲੁਧਿਆਣਾ...

Daljit Singh Dhillon

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਪੂਰਥਲਾ ਵਿਚ ਔਰਤਾਂ ਦੇ ਲਈ ਬਣਾਏ ਗਏ ਨਸ਼ਾ ਛੁਡਾਉਣ ਦੇ ਨਵ ਕਿਰਨ ਕੇਂਦਰ ਵਿਚ ਲੁਧਿਆਣਾ ਦੀ ਇਕ ਲੜਕੀ ਵਲੋਂ ਨਸ਼ਾ ਕਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ਾਂ ਦੇ ਚਲਦਿਆਂ ਫਿਰੋਜ਼ਪੁਰ ਵਿਚ ਤਾਇਨਾਤ ਡੀਐਸਪੀ ਸਬ ਡਵੀਜ਼ਨ ਦਲਜੀਤ ਸਿੰਘ ਢਿੱਲੋਂ ਨੂੰ ਤੁਰਤ ਅਹੁਦੇ ਤੋਂ ਮੁਅੱਤਲ ਕਰ ਦਿਤਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਦੇ ਸੀਨੀਅਰ ਅਤੇ ਇਮਾਨਦਾਰ ਆਈਪੀਐਸ ਅਧਿਕਾਰੀ ਅਨੀਤਾ ਪੁੰਜ ਨੂੰ ਸੌਂਪ ਦਿਤੀ ਹੈ।

ਮੁੱਖ ਮੰਤਰੀ ਨੇ ਨਾਲ ਹੀ ਮਹਿਲਾ ਆਈਪੀਐਸ ਅਧਿਕਾਰੀ ਅਨੀਤਾ ਪੁੰਜ ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ ਇਕ ਹਫ਼ਤੇ ਦੇ ਅੰਦਰ ਪੂਰੀ ਕਰਕੇ ਉਨ੍ਹਾਂ ਨੂੰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਹਨ।ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅਪਣੇ ਕਪੂਰਥਲਾ ਦੌਰੇ ਦੌਰਾਨ ਸਥਾਨਕ ਸਿਵਲ ਹਸਪਤਾਲ ਵਿਚ ਪੰਜਾਬ ਦੇ ਪਹਿਲੇ ਔਰਤਾਂ ਦੇ ਲਈ ਬਣਾਏ ਨਵਕਿਰਨ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਵਿਧਾਇਕ ਹਰਦੇਵ ਸਿੰਘ ਲਾਲੀ ਸ਼ੇਰੋਵਾਲੀਆ,

ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਜਦੋਂ ਨਵੇਂ ਬਣੇ ਨਵ ਕਿਰਨ ਕੇਂਦਰ ਦਾ ਉਦਘਾਟਨ ਕਰਨ ਲਈ ਇਮਾਰਤ ਦੇ ਅੰਦਰ ਗਏ ਤਾਂ ਉਥੇ ਇਲਾਜ ਦੇ ਲਈ ਦਾਖ਼ਲ ਲੁਧਿਆਣਾ ਨਿਵਾਸੀ ਰੀਟਾ (ਕਾਲਪਨਿਕ ਨਾਮ) ਨੇ ਸਿਹਤ ਮੰਤਰੀ ਅਤੇ ਚਾਰੇ ਵਿਧਾਇਕਾਂ ਦੇ ਨਾਲ ਮੀਡੀਆ ਦੇ ਸਾਹਮਣੇ ਸ਼ਰ੍ਹੇਆਮ ਸਾਰੀ ਆਪ ਬੀਤੀ ਸੁਣਾਈ ਸੀ।ਪੀੜਤਾ ਨੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਦਾ ਨਾਮ ਲੈਂਦੇ ਹੋਏ ਸਾਰਿਆਂ ਦੇ ਸਾਹਮਣੇ ਦਸਿਆ ਸੀ ਕਿ ਨਸ਼ਿਆਂ ਦੀ ਦਲਦਲ ਵਿਚ ਉਸ ਨੂੰ ਡੀਐਸਪੀ ਢਿੱਲੋਂ ਨੇ ਧਕੇਲਦੇ ਹੋਏ ਹੈਰੋਇਨ ਪੀਣ ਦਾ ਆਦੀ ਬਣਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿਤੀ

, ਜਿਸ ਕਾਰਨ ਉਸ ਦੇ ਘਰ ਵਾਲਿਆ ਨੇ ਉਸ ਨੂੰ ਬੇਦਖ਼ਲ ਵੀ ਕਰ ਦਿਤਾ। ਉਸ ਦਿਨ ਤੋਂ ਲੈ ਕੇ ਹੀ ਇਹ ਮਾਮਲਾ ਮੀਡੀਆ ਦੇ ਲਈ ਸੁਰਖ਼ੀਆਂ ਬਣਿਆ ਹੋਇਆ ਸੀ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਸਖ਼ਤ ਐਕਸ਼ਨ ਲੈਂਦੇ ਹੋਏ ਫਿਰੋਜ਼ਪੁਰ ਵਿਚ ਤਾਇਨਾਤ ਉਕਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਮੁਅੱਤਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰਕੇ ਆਈਪੀਐਸ ਅਧਿਕਾਰੀ ਅਨੀਤਾ ਪੁੰਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਹਫ਼ਤੇ ਅੰਦਰ ਰਿਪੋਰਟ ਸੌਂਪਣਗੇ।