ਉੱਤਰ ਪ੍ਰਦੇਸ਼ ਦੀ ਖ਼ਰਾਬ ਕਾਨੂੰਨ ਵਿਵਸਥਾ ’ਤੇ ਪ੍ਰਿਅੰਕਾ ਨੇ ਯੋਗੀ ਤੋਂ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਅਪਰਾਧੀਆਂ ਸਾਹਮਣੇ ਕਰ ਦਿੱਤਾ ਆਤਮਸਮਰਪਣ: ਪ੍ਰਿਅੰਕਾ ਗਾਂਧੀ

UP police reply on priyanka gandhi vadra tweet about crime in uttar pradesh

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿਚ ਖ਼ਰਾਬ ਕਾਨੂੰਨ ਵਿਵਸਥਾ ਦਾ ਆਰੋਪ ਲਗਾਉਂਦੇ ਹੋਏ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਰਾਜ ਦੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ’ਤੇ ਨਿਸ਼ਾਨਾ ਲਗਾਇਆ। ਪ੍ਰਿਅੰਕਾ ਨੇ ਅਪਣੇ ਟਵੀਟ ਵਿਚ ਕਿਹਾ ਕਿ ਪੂਰੇ ਉੱਤਰ ਪ੍ਰਦੇਸ਼ ਵਿਚ ਅਪਰਾਧੀ ਖੁਲ੍ਹੇਆਮ ਮਰਜ਼ੀ ਕਰਦੇ ਘੁੰਮ ਰਹੇ ਹਨ। ਇਕ ਤੋਂ ਬਾਅਦ ਇਕ ਅਪਰਾਧਕ ਘਟਨਾਵਾਂ ਹੋ ਰਹੀਆਂ ਹਨ।

ਪਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਕੋਈ ਫ਼ਰਕ ਨਹੀਂ ਹੈ। ਕੀ ਉੱਤਰ ਪ੍ਰਦੇਸ਼ ਸਰਕਾਰ ਨੇ ਅਪਰਾਧੀਆਂ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਪ੍ਰਿਅੰਕਾ ਨੇ ਅਪਣੇ ਟਵੀਟ ’ਤੇ ਹਾਲ ਹੀ ਵਿਚ ਹੋਈਆਂ ਘਟਨਾਵਾਂ ਦਾ ਉਲੇਖ ਦਰਜ ਕੀਤਾ ਹੈ। ਉਸ ਨੇ ਅਖ਼ਬਾਰਾਂ ਦੀ ਕਟਿੰਗ ਵੀ ਟੈਗ ਕੀਤੀ ਹੈ। ਕਾਂਗਰਸ ਆਗੂ ਦੇ ਟਵੀਟ ’ਤੇ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ਵਿਚ 9225 ਅਪਰਾਧੀ ਗ੍ਰਿਫ਼ਤਾਰ ਹੋਏ ਅਤੇ 81 ਮਾਰੇ ਗਏ ਹਨ।

ਰਾਸੁਕਾ ਵਿਚ ਕਾਰਵਾਈ ਕਰ ਕੇ ਲਗਭਗ 2 ਅਰਬ ਦੀ ਸੰਪੱਤੀ ਜ਼ਬਤ ਕੀਤੀ ਗਈ ਹੈ। ਡਕੈਤੀ, ਹੱਤਿਆ, ਲੁੱਟ ਅਤੇ ਅਗਵਾ ਵਰਗੀਆਂ ਘਟਨਾਵਾਂ ਵਿਚ ਕਮੀ ਦੇਖੀ ਗਈ ਹੈ। ਇਸ ਬਾਰੇ ਜਦੋਂ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਤੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਦੀ ਪ੍ਰਦੇਸ਼ ਵਿਚ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ ਅਪਰਾਧੀਆਂ ਦਾ ਨੈਟਵਰਕ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਉਹਨਾਂ ਦੀ ਸਰਕਾਰ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕਰ ਰਹੀ ਹੈ। ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਹਨ ਇਹਨਾਂ ਪਿੱਛੇ ਆਪਸੀ ਸਾਜ਼ਿਸ਼ਾਂ ਹਨ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ’ਤੇ ਆਰੋਪ ਲਗਾਇਆ ਸੀ।