ਮਹਾਰਾਸ਼ਟਰ 'ਚ ਭਲਕੇ ਹੋਵੇਗਾ ਫਲੋਰ ਟੈਸਟ, ਰਾਜਪਾਲ ਨੇ ਊਧਵ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਭੇਜਿਆ ਪੱਤਰ
ਅਗਲੇ ਦੋ-ਤਿੰਨ ਦਿਨ ਮਹਾਰਾਸ਼ਟਰ ਦੀ ਰਾਜਨੀਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ
ਮੁੰਬਈ - ਮਹਾਰਾਸ਼ਟਰ 'ਚ ਸਿਆਸੀ ਸੰਕਟ ਵਿਚਾਲੇ ਭਲਕੇ ਫਲੋਰ ਟੈਸਟ ਹੋਵੇਗਾ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਬਾਗੀ ਵਿਧਾਇਕਾਂ ਦੇ ਨਾਲ ਕਾਮਾਖਿਆ ਮੰਦਰ ਦੇ ਦਰਸ਼ਨ ਕੀਤੇ ਸਨ। ਮੰਦਰ ਛੱਡਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਫਲੋਰ ਟੈਸਟ ਲਈ ਮੁੰਬਈ ਜਾਵਾਂਗਾ।
ਏਕਨਾਥ ਸ਼ਿੰਦੇ ਨੇ ਕਿਹਾ, ਮੈਂ ਕਾਮਾਖਿਆ ਮੰਦਰ ਦੇ ਦਰਸ਼ਨ ਕਰਨ ਆਇਆ ਹਾਂ। ਮੈਂ ਇੱਥੇ ਮਹਾਰਾਸ਼ਟਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਆਇਆ ਹਾਂ। ਮੈਂ ਅਤੇ ਸਾਰੇ ਵਿਧਾਇਕ ਫਲੋਰ ਟੈਸਟ ਲਈ ਕੱਲ੍ਹ ਮੁੰਬਈ ਜਾਵਾਂਗੇ। ਰਾਜਪਾਲ ਕੋਸ਼ਿਆਰੀ ਵੱਲੋਂ ਸਰਕਾਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ 7 ਆਜ਼ਾਦ ਵਿਧਾਇਕਾਂ ਨੇ ਮੈਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੁੱਖ ਮੰਤਰੀ ਬਹੁਮਤ ਗੁਆ ਚੁੱਕੇ ਹਨ, ਇਸ ਲਈ ਫਲੋਰ ਟੈਸਟ ਜ਼ਰੂਰੀ ਹੈ। 30 ਜੂਨ ਨੂੰ ਫਲੋਰ ਟੈਸਟ ਲਈ ਸਦਨ ਬੁਲਾਇਆ ਜਾਣਾ ਚਾਹੀਦਾ ਹੈ, ਨਾਲ ਹੀ ਵਿਧਾਨ ਭਵਨ ਦੇ ਬਾਹਰ ਅਤੇ ਅੰਦਰ ਸਖ਼ਤ ਸੁਰੱਖਿਆ ਹੋਣੀ ਚਾਹੀਦੀ ਹੈ। ਪੱਤਰ ਵਿਚ ਅੱਗੇ ਲਿਖਿਆ ਗਿਆ ਹੈ ਕਿ ਸਦਨ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਯਕੀਨੀ ਬਣਾਇਆ ਜਾਵੇ।
ਅਗਲੇ ਦੋ-ਤਿੰਨ ਦਿਨ ਮਹਾਰਾਸ਼ਟਰ ਦੀ ਰਾਜਨੀਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ। ਭਾਜਪਾ ਇਸ ਸਮੇਂ ਬਹੁਤ ਸਰਗਰਮ ਨਜ਼ਰ ਆ ਰਹੀ ਹੈ। ਮੰਗਲਵਾਰ ਨੂੰ ਫੜਨਵੀਸ ਨੇ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨੱਡਾ ਨਾਲ ਮੁਲਾਕਾਤ ਕੀਤੀ। ਰਾਤ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲ ਕੇ ਫਲੋਰ ਟੈਸਟ ਦੀ ਮੰਗ ਕੀਤੀ ਅਤੇ ਹੁਣ ਉਹ ਮੁੰਬਈ ਵਿੱਚ ਭਾਜਪਾ ਵਿਧਾਇਕ ਦਲ ਨਾਲ ਅਹਿਮ ਮੀਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਊਧਵ ਠਾਕਰੇ ਨੂੰ ਸੱਤਾ ਤੋਂ ਲਾਂਭੇ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੋਣ ਵਾਲੀ ਮੀਟਿੰਗ ਵਿੱਚ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਲਈ ਤਿਆਰ ਰਹਿਣ ਲਈ ਕਿਹਾ ਜਾਵੇਗਾ।