ਮੁਜ਼ੱਫਰਨਗਰ 'ਚ ਆਨਰ ਕਿਲਿੰਗ: ਬਿਊਟੀ ਪਾਰਲਰ ਤੋਂ ਪਰਤ ਰਹੀ ਭੈਣ ਨੂੰ ਚੌਰਾਹੇ 'ਚ ਮਾਰੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ

photo

 

ਮੁਜ਼ੱਫਰਨਗਰ : ਮੁਜ਼ੱਫਰਨਗਰ 'ਚ ਬਕਰੀਦ ਤੋਂ ਇਕ ਦਿਨ ਪਹਿਲਾਂ ਆਨਰ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਨੂੰ ਚੌਰਾਹੇ 'ਤੇ ਭਰਾਵਾਂ ਨੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਲੜਕੀ ਨੇ ਦੋ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ।

ਮ੍ਰਿਤਕਾ ਦੇ ਦਿਓਰ ਨੇ ਦਸਿਆ ਕਿ ਭਾਬੀ ਦੇ ਪ੍ਰਵਾਰਕ ਮੈਂਬਰਾਂ ਨੇ ਪਹਿਲਾਂ ਹੀ ਧਮਕੀ ਦਿਤੀ ਸੀ ਕਿ ਜੇਕਰ ਉਹ ਵਿਆਹ ਤੋਂ ਬਾਅਦ ਘਰ ਵਾਪਸ ਆਈ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਇਹੀ ਧਮਕੀ 20 ਦਿਨ ਪਹਿਲਾਂ ਵੀ ਦਿਤੀ ਗਈ ਸੀ। ਇਸ ਤੋਂ ਬਾਅਦ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਘਟਨਾ ਬੁਢਾਨਾ ਕੋਤਵਾਲੀ ਇਲਾਕੇ ਦੇ ਪਿੰਡ ਅਲੀਪੁਰ ਅਤਰਨਾ ਦੀ ਹੈ।

ਫਰਹਾਨਾ ਨੇ 2 ਸਾਲ ਪਹਿਲਾਂ ਪਿੰਡ ਦੇ ਸ਼ਾਹਿਦ ਨਾਲ ਲਵ ਮੈਰਿਜ ਕੀਤੀ ਸੀ। ਇਸ ਕਾਰਨ ਪ੍ਰਵਾਰਕ ਮੈਂਬਰ ਉਸ ਨਾਲ ਨਾਰਾਜ਼ ਸਨ। ਰਿਸ਼ਤੇਦਾਰਾਂ ਨੇ ਦੋਵਾਂ ਨੂੰ ਪਿੰਡ ਨਾ ਆਉਣ ਦੀ ਧਮਕੀ ਦਿਤੀ ਸੀ। ਇਸ ਤੋਂ ਬਾਅਦ ਪਤੀ-ਪਤਨੀ ਪਿੰਡ ਛੱਡ ਕੇ ਚਲੇ ਗਏ ਸਨ। 20 ਦਿਨ ਪਹਿਲਾਂ ਹੀ ਦੋਵੇਂ ਪਿੰਡ ਵਾਪਸ ਆਏ ਸਨ। ਫਰਹਾਨਾ ਨੇ ਇੱਥੇ ਪਿੰਡ ਵਿਚ ਬਿਊਟੀਸ਼ੀਅਨ ਦਾ ਕੰਮ ਕਰਨਾ ਸ਼ੁਰੂ ਕਰ ਦਿਤਾ। ਉਸ ਨੇ ਇੱਕ ਬਿਊਟੀ ਪਾਰਲਰ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ।

ਫਰਹਾਨਾ ਬੁੱਧਵਾਰ ਸ਼ਾਮ ਬਿਊਟੀ ਪਾਰਲਰ ਤੋਂ ਘਰ ਪਰਤ ਰਹੀ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ਦੇ ਭਰਾਵਾਂ ਨੇ ਉਸ ਨੂੰ ਰੋਕ ਲਿਆ। ਪਹਿਲਾਂ ਉਸ ਨਾਲ ਗੱਲ ਕੀਤੀ ਫਿਰ ਗੋਲੀ ਮਾਰ ਦਿਤੀ। ਸੂਚਨਾ ਮਿਲਦੇ ਹੀ ਸਰਕਲ ਅਧਿਕਾਰੀ ਵਿਨੈ ਗੌਤਮ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਉੱਥੇ ਮੌਜੂਦ ਦਿਓਰ ਸਲੀਮ ਨੇ ਪੁਲਿਸ ਨੂੰ ਦਸਿਆ, ''ਫਰਹਾਨਾ ਦੇ ਭਰਾ ਸਲਮਾਨ, ਫਰਮਾਨ, ਨੋਮਾਨ ਅਤੇ ਮੇਹਰਬਾਨ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਇਨ੍ਹਾਂ ਸਾਰਿਆਂ ਨੇ ਭਰਜਾਈ ਨੂੰ ਗੋਲੀ ਮਾਰ ਦਿਤੀ।

ਸੀਓ ਬੁਢਾਨਾ ਵਿਨੈ ਗੌਤਮ ਨੇ ਦਸਿਆ, “ਅਲੀਪੁਰ ਅਥਰਨਾ ਦੀ ਰਹਿਣ ਵਾਲੀ ਫਰਹਾਨਾ ਨੇ 2021 ਵਿਚ ਇਥੋਂ ਦੇ ਇੱਕ ਲੜਕੇ ਨਾਲ ਲਵ ਮੈਰਿਜ ਕੀਤੀ ਸੀ। ਨੌਜੁਆਨ ਵੀ ਉਹਨਾਂ ਦੇ ਭਾਈਚਾਰੇ ਦਾ ਹੈ। ਬਾਅਦ ਵਿਚ ਉਨ੍ਹਾਂ ਨੇ ਕੋਰਟ ਮੈਰਿਜ ਕੀਤੀ। ਲੜਕੀ ਦੇ ਪ੍ਰਵਾਰ ਵਾਲੇ ਇਸ ਵਿਆਹ ਤੋਂ ਨਾਰਾਜ਼ ਸਨ। ਦੋਵਾਂ ਪ੍ਰਵਾਰਾਂ ਨੂੰ ਸਮਝਾਇਆ ਗਿਆ।

ਵਿਨੈ ਗੌਤਮ ਨੇ ਦਸਿਆ, ''ਵਿਆਹ ਤੋਂ ਬਾਅਦ ਪ੍ਰਵਾਰ ਵਾਲੇ ਅੰਦਰੋਂ ਦੁਸ਼ਮਣੀ ਪਾਲ ਰਹੇ ਸਨ। ਬੁੱਧਵਾਰ ਨੂੰ ਭਰਾਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ। ਕਤਲ ਵਿਚ 5-6 ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਪੁਲਿਸ ਮਾਮਲੇ ਲਈ ਤਹਿਰੀਰ ਦੀ ਉਡੀਕ ਕਰ ਰਹੀ ਹੈ। ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।