ਦੋ-ਦੋ ਸਰਕਾਰੀ ਕੋਠੀਆਂ ਰੱਖਣ ਵਾਲੇ IPS ਅਫ਼ਸਰਾਂ ਨੂੰ ਕਰਨੀਆਂ ਪੈਣਗੀਆਂ ਜੇਬਾਂ ਢਿੱਲੀਆਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿਤਾ ਜੁਰਮਾਨਾ ਲਗਾਉਣ ਦਾ ਹੁਕਮ

representational Image

ਕੋਠੀ ਖ਼ਾਲੀ ਨਾ ਕਰਨ 'ਤੇ ਦੇਣਾ ਪਵੇਗਾ 100 ਤੋਂ 300 ਗੁਣਾ ਕਿਰਾਇਆ 

ਚੰਡੀਗੜ੍ਹ : ਹਰਿਆਣਾ 'ਚ ਦੋ-ਦੋ ਸਰਕਾਰੀ ਕੁਆਟਰਾਂ 'ਤੇ ਕਾਬਜ਼ ਆਈ.ਪੀ.ਐਸ. ਅਫ਼ਸਰਾਂ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਝਟਕਾ ਦਿਤਾ ਹੈ। ਵਿਜ ਨੇ ਅਜਿਹੇ ਅਧਿਕਾਰੀਆਂ ਵਿਰੁਧ ਜੁਰਮਾਨਾ ਲਾਉਣ ਦੇ ਹੁਕਮ ਦਿਤੇ ਹਨ। ਇਸ ਦੇ ਨਾਲ ਹੀ ਕੋਠੀ ਖ਼ਾਲੀ ਨਾ ਕਰਨ 'ਤੇ 100 ਤੋਂ 300 ਗੁਣਾ ਕਿਰਾਇਆ ਵਸੂਲਿਆ ਜਾਵੇਗਾ। ਉਹ ਲਗਾਤਾਰ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ।

ਕੋਠੀਆਂ ਸਬੰਧੀ ਅਧਿਕਾਰੀਆਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ ਸਗੋਂ ਗੋਲ-ਮੋਲ ਜਵਾਬ ਦਿਤਾ ਹੈ ਜਿਸ ਦੇ ਚਲਦੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਰਾਜ਼ ਹੋ ਗਏ ਹਨ। ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਵੀ ਇਸ ਮਾਮਲੇ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿਤੇ ਹਨ।

ਜਦੋਂ ਇਹ ਮਾਮਲਾ ਅਨਿਲ ਵਿਜ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਗ੍ਰਹਿ ਵਿਭਾਗ ਦੇ ਏ.ਸੀ.ਐਸ. ਨੂੰ ਪੱਤਰ ਲਿਖਿਆ ਕਿ ਕੁੱਝ ਆਈ.ਪੀ.ਐਸ. ਅਫ਼ਸਰਾਂ ਕੋਲ ਦੋ-ਦੋ ਸਰਕਾਰੀ ਕੋਠੀਆਂ ਹਨ। ਇੰਨਾ ਹੀ ਨਹੀਂ ਸਗੋਂ ਕਈ ਅਧਿਕਾਰੀ ਤਾਂ ਅਜਿਹੇ ਹਨ ਜਿਹਾ ਕੋਲ ਤਿੰਨ ਸਰਕਾਰੀ ਮਕਾਨ ਹਨ। ਅਜਿਹੇ ਅਧਿਕਾਰੀਆਂ ਤੋਂ ਸਰਕਾਰੀ ਕੁਆਰਟਰ ਖ਼ਾਲੀ ਕਰਵਾਏ ਜਾਣ ਅਤੇ ਉਨ੍ਹਾਂ ਤੋਂ ਨਿਯਮਾਂ ਅਨੁਸਾਰ ਕਿਰਾਇਆ ਵੀ ਵਸੂਲਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਹੈ ਕਿ ਕਾਰਵਾਈ ਹੋਣ ਤੋਂ ਬਾਅਦ ਇਸ ਦੀ ਜਾਣਕਾਰੀ ਵੀ ਵਿਭਾਗ ਨੂੰ ਦਿਤੀ ਜਾਵੇ।

ਦੱਸ ਦੇਈਏ ਕਿ ਹੁਣ ਇਕ ਤੋਂ ਵੱਧ ਯਾਨੀ ਦੋ ਜਾਂ ਤਿੰਨ ਸਰਕਾਰੀ ਕੁਆਟਰ ਰੱਖਣ ਵਾਲੇ ਆਈ.ਪੀ.ਐਸ. ਅਫ਼ਸਰਾਂ ਨੂੰ ਅਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਇਸ ਦਾ ਕਾਰਨ ਇਹ ਹੈ ਕਿ ਹਰਿਆਣਾ ਸਿਵਲ ਸਰਵਿਸਿਜ਼ (ਹਰਿਆਣਾ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਨੂੰ ਭੱਤਾ) ਨਿਯਮ 2016 ਦੇ ਅਨੁਸਾਰ 100 ਤੋਂ 300 ਗੁਣਾ ਕਿਰਾਇਆ ਵਸੂਲਿਆ ਜਾਵੇਗਾ।