ਸੰਜੇ ਝਾਅ ਬਣੇ ਜਨਤਾ ਦਲ (ਯੂ) ਦੇ ਕਾਰਜਕਾਰੀ ਪ੍ਰਧਾਨ, ਪਾਰਟੀ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਦੁਹਰਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰਜਕਾਰੀ ਕਮੇਟੀ ’ਚ ਦੋ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ

Sanjay Jha

ਨਵੀਂ ਦਿੱਲੀ: ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਸੰਜੇ ਝਾਅ ਨੂੰ ਸਨਿਚਰਵਾਰ ਨੂੰ ਪਾਰਟੀ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਫੈਸਲਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਲਿਆ ਗਿਆ। ਬੈਠਕ ’ਚ ਪਾਰਟੀ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਅਪਣੀ ਸਾਲਾਂ ਪੁਰਾਣੀ ਮੰਗ ਨੂੰ ਵੀ ਦੁਹਰਾਇਆ। 

ਜਨਤਾ ਦਲ (ਯੂ) ਦੇ ਨੇਤਾ ਨੀਰਜ ਕੁਮਾਰ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਕਾਰਜਕਾਰੀ ਕਮੇਟੀ ’ਚ ਦੋ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲਾ ਸਿਆਸੀ ਹੈ ਅਤੇ ਦੂਜਾ ਸੰਗਠਨਾਤਮਕ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੁੱਖ ਮੰਤਰੀ (ਨਿਤੀਸ਼ ਕੁਮਾਰ) ਨੇ ਰਾਜ ਸਭਾ ’ਚ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਸੰਜੇ ਝਾਅ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੈ।

ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣ ਦੇ ਬਦਲ ’ਤੇ ਵੀ ਵਿਚਾਰ ਕਰ ਸਕਦੀ ਹੈ। ਅਪਣੀ ਨਿਯੁਕਤੀ ਤੋਂ ਬਾਅਦ ਝਾਅ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਬਿਹਾਰ ’ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਉਮੀਦ ਹੈ ਕਿ ਵਿਸ਼ੇਸ਼ ਸ਼੍ਰੇਣੀ ਜਾਂ ਪੈਕੇਜ ਦੀ ਮੰਗ ਪੂਰੀ ਹੋ ਜਾਵੇਗੀ। 

ਬਿਹਾਰ ਸਰਕਾਰ ’ਚ ਜਲ ਸਰੋਤ ਮੰਤਰੀ ਰਹੇ ਝਾਅ ਨੇ ਅਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਕੀਤੀ ਸੀ। ਬਾਅਦ ’ਚ ਉਹ ਜਨਤਾ ਦਲ (ਯੂ) ’ਚ ਸ਼ਾਮਲ ਹੋ ਗਏ। ਉਹ ਜੇ.ਡੀ. (ਯੂ) ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਯੋਜਨਾ ਪ੍ਰੀਸ਼ਦ ਦੇ ਮੈਂਬਰ ਵਜੋਂ ਵੀ ਸੇਵਾ ਨਿਭਾ ਚੁਕੇ ਹਨ। 

ਨੀਰਜ ਕੁਮਾਰ ਨੇ ਕਿਹਾ ਕਿ ਪਾਰਟੀ ਨੇ ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਅੰਡਰਗ੍ਰੈਜੂਏਟ (ਨੀਟ-ਯੂ.ਜੀ.) ਪ੍ਰਸ਼ਨ ਪੱਤਰ ਲੀਕ ਮਾਮਲੇ ਦੇ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕਰਨ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਇਮਤਿਹਾਨ ਵਿਚ ਗੜਬੜੀ ਨੂੰ ਰੋਕਣ ਲਈ ਸੰਸਦ ਵਿਚ ਸਖਤ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਹੈ। 

ਝਾਅ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਮਹੱਤਵਪੂਰਨ ਹੈ ਕਿਉਂਕਿ ਉਹ ਭਾਜਪਾ ਲੀਡਰਸ਼ਿਪ ਨਾਲ ਅਪਣੇ ਚੰਗੇ ਤਾਲਮੇਲ ਲਈ ਜਾਣੇ ਜਾਂਦੇ ਹਨ। ਉਹ ਰਾਜ ਸਭਾ ’ਚ ਪਾਰਟੀ ਦੇ ਨੇਤਾ ਵੀ ਹਨ। ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਲਲਨ ਸਿੰਘ ਅਤੇ ਰਾਮਨਾਥ ਠਾਕੁਰ ਅਤੇ ਦੇਸ਼ ਭਰ ਦੇ ਹੋਰ ਸੀਨੀਅਰ ਨੇਤਾ ਦਿੱਲੀ ’ਚ ਹੋਈ ਮੀਟਿੰਗ ’ਚ ਸ਼ਾਮਲ ਹੋਏ। 

ਕੀ ਨਿਤੀਸ਼ ਕੁਮਾਰ ਅਪਣੀ ਕੈਬਨਿਟ ਰਾਹੀਂ ਵਿਸ਼ੇਸ਼ ਦਰਜੇ ਦੀ ਮੰਗ ’ਤੇ ਮਤਾ ਪਾਸ ਕਰਨ ਦੀ ਹਿੰਮਤ ਵਿਖਾਉਣਗੇ? : ਕਾਂਗਰਸ 

ਨਵੀਂ ਦਿੱਲੀ: ਕਾਂਗਰਸ ਨੇ ਜਨਤਾ ਦਲ (ਯੂਨਾਈਟਡ) ਵਲੋਂ ਬਿਹਾਰ ਲਈ ਵਿਸ਼ੇਸ਼ ਸੂਬੇ ਦੇ ਦਰਜੇ ਦੀ ਮੰਗ ਮੁੜ ਚੁਕੇ ਜਾਣ ਤੋਂ ਬਾਅਦ ਸਨਿਚਰਵਾਰ ਨੂੰ ਪੁਛਿਆ ਕਿ ਕੀ ਮੁੱਖ ਮੰਤਰੀ ਨਿਤੀਸ਼ ਕੁਮਾਰ ’ਚ ਇਸ ਮੰਗ ’ਤੇ ਅਪਣੇ ਕੈਬਨਿਟ ’ਚ ਮਤਾ ਪਾਸ ਕਰਨ ਦੀ ਹਿੰਮਤ ਵਿਖਾਉਣਗੇ।ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਨੂੰ ਵੀ ਵਿਸ਼ੇਸ਼ ਦਰਜੇ ਦੇ ਮੁੱਦੇ ’ਤੇ ਅਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ।