ਦਿੱਲੀ ਘੱਟ ਗਿਣਤੀ ਕਮਿਸ਼ਨ ਵਲੋਂ ਫਿਰਕੂ ਹਮਲਿਆਂ ਸਬੰਧੀ ਬਣਾਈ ਜਾਂਚ ਕਮੇਟੀ ਨੇ ਸੌਂਪੀ ਰੀਪੋਰਟ
ਮੌਜੂਦਾ ਸਰਕਾਰ ਵਲੋਂ ਦੇਸ਼ ਵਿਚ ਸੀ.ਏ.ਏ. ਅਤੇ ਐਨ.ਆਰ.ਸੀ. ਵਰਗੇ ਕਾਨੂੰਨ ਲਿਆਉਣ ਨਾਲ ਬੀਤੇ ਦਿਨਾਂ ਦੌਰਾਨ ਪੂਰੇ ਦੇਸ਼ ਵਿਚ ਬੇਚੈਨੀ ਅਤੇ ਖਾਨਾਜੰਗੀ ਵਾਲਾ ਮਾਹੌਲ ਪੈਦਾ....
ਨਵੀਂ ਦਿੱਲੀ, 28 ਜੁਲਾਈ (ਸੁਖਰਾਜ ਸਿੰਘ): ਮੌਜੂਦਾ ਸਰਕਾਰ ਵਲੋਂ ਦੇਸ਼ ਵਿਚ ਸੀ.ਏ.ਏ. ਅਤੇ ਐਨ.ਆਰ.ਸੀ. ਵਰਗੇ ਕਾਨੂੰਨ ਲਿਆਉਣ ਨਾਲ ਬੀਤੇ ਦਿਨਾਂ ਦੌਰਾਨ ਪੂਰੇ ਦੇਸ਼ ਵਿਚ ਬੇਚੈਨੀ ਅਤੇ ਖਾਨਾਜੰਗੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਇਸੇ ਮੁੱਦੇ ਨੂੰ ਲੈ ਕੇ ਰਾਜਧਾਨੀ ਦਿੱਲੀ ਦੇ ਯਮੁਨਪਾਰ ਇਲਾਕੇ ਅੰਦਰ ਵੀ ਕਈ ਰਾਜਨੀਤਕ ਆਗੂਆਂ ਵਲੋਂ ਭੜਕਾਉ ਭਾਸ਼ਣ ਦੇ ਕੇ ਇਕ ਫ਼ਿਰਕੇ ਦੇ ਲੋਕਾਂ ਨੂੰ ਉਕਸਾ ਕੇ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ 'ਤੇ ਹਮਲੇ ਕੀਤੇ ਗਏ ਜਿਸ ਵਿਚ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ।
ਇਸ ਫਿਰਕੂ ਹਮਲਿਆਂ ਨੂੰ ਵੇਖਦਿਆਂ ਹੋਇਆਂ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਇਸੇ ਸਾਰੇ ਘਟਨਾਕਰਮ ਦੀ ਸਚਾਈ ਜਾਣਨ ਲਈ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤੀ ਗਈ। ਇਸ ਕਮੇਟੀ ਦੇ ਇਕ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਨੇ ਇਸ ਸਬੰਧੀ ਸਾਰੀ ਜਾਣਕਾਰੀ ਦਿਤੀ। ਸ. ਮਠਾਰੂ ਨੇ ਦਸਿਆ ਕਿ ਦਿੱਲੀ ਘੱਟ ਗਿਣਤੀ ਕਮਿਸ਼ਨ ਵਲੋਂ ਬਣਾਈ ਜਾਂਚ ਕਮੇਟੀ ਨੇ ਅਪਣੀ ਜਦੋ-ਜਹਿਦ ਨਾਲ ਜਿਥੇ ਫਿਰਕੂ ਹਮਲੇ ਹੋਏ ਸਨ ਉਥੇ ਜਾ ਕੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨਾਲ ਗੱਲਬਾਤ ਕਰ ਕੇ ਚਾਰ ਮਹੀਨਿਆਂ ਵਿਚ ਇਕ ਰੀਪੋਰਟ ਤਿਆਰ ਕੀਤੀ। ਗੁਰਮਿੰਦਰ ਸਿੰਘ ਮਠਰੂ ਨੇ ਦਸਿਆ ਕਿ ਉਕਤ ਕਮੇਟੀ ਨੇ ਇਹ ਵੀ ਪਤਾ ਲਗਾਇਆ ਕਿ ਕਿੰਨੇ ਪੀੜਤਾਂ ਨੂੰ ਮੁਆਵਜ਼ਾ ਮਿਲਿਆ ਤੇ ਕਿੰਨੇ ਨੂੰ ਨਹੀਂ ਮਿਲਿਆ।
ਇਹ ਸਾਰਾ ਬਿਊੁਰਾ ਇਸ ਰੀਪੋਰਟ ਵਿਚ ਦਰਜ ਹੈ। ਉਨ੍ਹਾਂ ਦਸਿਆ ਕਿ ਕਮੇਟੀ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਦੰਗੇ ਹੋਏ ਹਨ, ਇਹ ਇਕਤਰਫ਼ਾ ਕੀਤੇ ਗਏ ਸਨ ਅਤੇ ਇਨ੍ਹਾਂ ਫਿਰਕੂ ਹਮਲਿਆਂ ਦਾ ਮੁੱਖ ਮਕਸਦ ਸੀ ਕਿ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ ਵਿਚ ਦਹਿਸ਼ਤ ਫੈਲਾਉਣਾ ਸੀ। ਸ. ਮਠਾਰੂ ਨੇ ਦਸਿਆ ਕਿ ਇਸ ਰੀਪੋਰਟ ਬਾਰੇ ਦਿੱਲੀ ਪੁਲਿਸ ਵਲੋਂ ਵੀ ਇਕਤਰਫ਼ਾ ਰੋਲ ਨਿਭਾਇਆ ਗਿਆ ਸੀ, ਇਹ ਵੀ ਪਾਇਆ ਗਿਆ ਹੈ। ਇਸ ਸਬੰਧੀ ਦਿੱਲੀ ਘੱਟ ਗਿਣਤੀ ਕਮਿਸ਼ਨ ਵਲੋਂ ਇਨ੍ਹਾਂ ਮੈਂਬਰਾਂ ਵਲੋਂ ਨਿਭਾਈ ਗਈ ਬਾਖੂਬੀ ਸੇਵਾ ਨੂੰ ਮੁੱਖ ਰਖਦਿਆਂ ਹੋਇਆਂ ਗੁਰਮਿੰਦਰ ਸਿੰਘ ਮਠਾਰੂ ਨੂੰ ਉਚੇਚੇ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ।