ਰੀਫ਼ਰੈਂਡਮ 2020 ਨੂੰ ਲੈ ਕੇ ਜੰਮੂ ਵਿਚ ਸਿੱਖ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਹੈ ਤੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖਜ਼ ਫ਼ਾਰ ਜਸਟਿਸ ਜਥੇਬੰਦੀ ਵਲੋਂ ਵਿਸ਼ਵ ਪਧਰੀ 'ਰੀਫ਼ਰੈਂਡਮ 2020' ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਆਨਲਾਈਨ......

File Photo

ਜੰਮੂ, 28 ਜੁਲਾਈ (ਸਰਬਜੀਤ ਸਿੰਘ): ਸਿੱਖਜ਼ ਫ਼ਾਰ ਜਸਟਿਸ ਜਥੇਬੰਦੀ ਵਲੋਂ ਵਿਸ਼ਵ ਪਧਰੀ 'ਰੀਫ਼ਰੈਂਡਮ 2020' ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਸੰਗਠਨ ਦੇ ਐਲਾਨ ਮੁਤਾਬਕ 4 ਜੁਲਾਈ ਤੋਂ ਇਹ ਰੀਫ਼ਰੈਂਡਮ ਸ਼ੁਰੂ ਹੋ ਚੁਕਿਆ ਹੈ। ਖ਼ਾਲਿਸਤਾਨ ਦੇ ਮੁੱਦੇ ਤੇ ਕਰਵਾਏ ਜਾ ਰਹੇ 'ਰੀਫ਼ਰੈਂਡਮ 2020' ਦਾ ਸੇਕ ਹੁਣ ਜੰਮੂ-ਕਸ਼ਮੀਰ ਤਕ ਪਹੁੰਚ ਗਿਆ ਹੈ। 26 ਜੁਲਾਈ ਨੂੰ ਜੰਮੂ ਕਸ਼ਮੀਰ ਵਿਖੇ ਵੀ ਇਸ ਨੂੰ ਕਰਵਾਉਣ ਦੀ ਗੱਲ ਕੀਤੀ ਗਈ ਸੀ ਪਰ ਦੂਜੇ ਪਾਸੇ ਜੰਮੂ ਵਿਖੇ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੰਮੂ ਦੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਨੌਜਵਾਨਾਂ ਨੂੰ 'ਰੀਫ਼ਰੈਂਡਮ 2020' ਦੇ ਨਾਮ ਉਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਗੁਰਦੁਆਰਾ ਬਾਬਾ ਫ਼ਤਿਹ ਸਿੰਘ ਗਾਂਧੀ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨਾਇਟਿਡ ਸਿੱਖ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਨੇ ਕਿਹਾ ਕੀ ਅਸੀ ਦੁਨੀਆਂ ਤਕ ਅਪਣੀ ਆਵਾਜ ਪਹੁੰਚਾਉਣ ਚਾਹੁੰਦੇ ਹਾਂ ਕਿ  ਜੰਮੂ-ਕਸ਼ਮੀਰ ਦੇ ਅੰਦਰ ਏਥੋਂ ਦੀ ਹਕੂਮਤ ਸਿੱਖਾਂ ਨਾਲ ਬੜਾ ਹੀ ਮਾੜਾ ਵਰਤਾਉ ਕਰ ਰਹੀ ਹੈ। ਉਨ੍ਹਾਂ ਦਸਿਆ ਕੁੱਝ ਦਿਨ ਪਹਿਲਾਂ ਸਿੰਬਲ ਕੈਂਪ ਇਲਾਕੇ ਤੋਂ  ਛੋਟੀ ਉਮਰ ਦੇ ਸਿੱਖ ਬੱਚਿਆਂ ਨੂੰ ਚੁੱਕਿਆ ਗਿਆ ਅਤੇ ਪੂਰਾ ਦਿਨ ਪੁਲਿਸ ਥਾਣਾ ਮੀਰਾ ਸਾਹਿਬ ਅੰਦਰ ਬਿਠਾ ਕੇ ਰਖਿਆ ਗਿਆ ਅਤੇ ਮੁਚਲਕੇ ਭਰਨ ਤੋਂ ਬਾਅਦ ਹੀ ਬੱਚਿਆਂ ਨੂੰ ਜ਼ਮਾਨਤ ਉੱਪਰ ਰਿਹਾ ਕੀਤਾ ਗਿਆ।

ਉਨ੍ਹਾਂ ਦਸਿਆ ਜਦੋਂ ਅਸੀਂ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਮਿਲ ਕੇ ਪਤਾ ਕੀਤਾ ਕਿ ਬੱਚਿਆਂ ਨੂੰ ਕਿਉ ਚੁੱਕਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਪੁਲਿਸ ਵੱਲੋਂ ਥਾਣੇ ਲਿਆਂਦੇ ਗਏ ਬੱਚਿਆਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਇੰਟਰਨੈੱਟ ਉਪਰ ਪੋਸਟ ਨੂੰ ਲਾਈਕ ਕੀਤਾ ਸੀ ਤੇ ਕਮੈਂਟ ਕੀਤਾ ਸੀ। ਉਨ੍ਹਾਂ ਦਸਿਆ ਕਿ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਕਰੀਬੀ ਰਿਸ਼ਤੇਦਾਰ ਸਿੰਬਲ ਕੈਂਪ ਤੋਂ ਭਾਈ ਅਮਰਜੀਤ ਸਿੰਘ,  ਭਾਈ ਰਣਜੀਤ ਸਿੰਘ ਜੀ ਪਿੰਕੀ ਨਿਵਾਸੀ ਡਿਗਿਆਣਾ ਕੈਂਪ ਨੂੰ ਪੂਰਾ ਦਿਨ ਪੁਲਿਸ ਥਾਣੇ ਅੰਦਰ ਬਿਠਾ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਕਤ ਸਿੱਖਾਂ ਨੂੰ ਜੰਮੂ ਕਸ਼ਮੀਰ ਅੰਦਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਜੰਮੂ ਕਸ਼ਮੀਰ ਯੂਨਿਟ ) ਦੇ ਭਾਈ ਗੁਰਦੇਵ ਸਿੰਘ ਖੂੰਦਵਾਲ ਗੁਰਪਤਵੰਤ ਸਿੰਘ ਪੰਨੂੰ ਵਲੋਂ ਚਲਾਇਆ ਜਾ ਰਹੇ 'ਰੀਫ਼ਰੈਂਡਮ 2020' ਦੇ ਸਬੰਧ ਵਿਚ ਪੰਜਾਬ ਤੇ 26 ਜੁਲਾਈ ਨੂੰ ਵੋਟਾਂ ਪਾਉਣ ਦੀ ਗੱਲ ਕੀਤੀ ਗਈ ਸੀ। ਉਸ ਨੂੰ ਲੈ ਕੇ ਜੰਮੂ-ਕਸ਼ਮੀਰ ਦੀ ਪੁਲਿਸ ਸਿੱਖ ਨੌਜਵਾਨਾਂ ਨੂੰ ਨਾਜ਼ਾਇਜ਼ ਤੌਰ ਉਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਦਾ ਕੋਈ ਜੁਰਮ ਹੈ ਜਾਂ ਨਹੀਂ ਹੈ. ਇਸ ਬਾਰੇ ਕੋਈ ਵੀ ਨਹੀਂ ਦੱਸਿਆ ਜਾ ਰਿਹਾ। ਸਿੱਖਾਂ ਅੰਦਰ ਖੌਫ਼ ਪੈਦਾ ਕਰਨ ਲਈ ਜਾਣ ਬੁਝ ਤੇ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਅੰ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਠਾਣੇ ਬਿਠਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਜੱਜ ਦੇ ਸਾਹਮਣੇ ਜਾ ਕੇ ਮੁਚੱਲਕਾ ਭਰ ਕੇ ਦੇਣ। ਉਨ੍ਹਾਂ ਕਿਹਾ ਕਿ ਅਜ਼ਾਦੀ ਦੀ ਲੜਾਈ ਚੱਲ ਰਹੀ ਹੈ ਅਸੀਂ ਉਸ ਨੂੰ ਲੋਕਤੰਤਰਿਕ ਢੰਗ ਨਾਲ ਲੜਾਂਗੇ ਅਤੇ ਦੇਸ਼ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਖਾਲਿਸਤਾਨ ਦੀ ਗੱਲ ਕਰਾਂਗੇ। ਜੇ ਕੋਈ ਜਥੇਬੰਦੀ ਲੋਕਤੰਤਰੀ ਢੰਗ ਨਾਲ ਚੋਣਾਂ ਕਰਵਾ ਰਹੀ ਹੈ ਤਾਂ  ਇਹ ਉਸ ਦਾ ਅਧਿਕਾਰ ਹੈ। ਜੰਮੂ-ਕਸ਼ਮੀਰ ਦੇ ਅੰਦਰ  ਸਿੱਖ ਨੌਜਵਾਨ ਨੂੰ  ਸਰਕਾਰ ਇੱਕ ਸਾਜਿਸ਼ ਦੇ ਤਹਿਤ ਦਬਾ ਕੇ ਅਤੇ ਗੁਲਾਮ ਬਣਾਕੇ ਰੱਖਣਦੀਆਂ ਚਾਲਾਂ ਚੱਲ ਰਹੀ ਹੈ। ਜਿਸ ਨੂੰ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਆਪਣੀ ਮਨ ਮਰਜ਼ੀ ਤੋਂ ਨਹੀਂ ਹਟਦਾ ਤਾਂ ਸਿੱਖ ਭਾਈਚਾਰੇ ਨੂੰ ਕਨੂੰਨੀ ਕਾਰਵਾਈ ਕਰਨੀ ਪਵੇਗੀ।  

ਅਕਾਲ ਪੁਰਖ ਦੀ ਫੌਜ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਸਿੰਬਲ ਕੈਂਪ ਜਿਹੜੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਨੀਟਾ ਦੇ ਕਰੀਬੀ ਰਿਸ਼ਤੇਦਾਰ ਹਨ ਨੇ ਬੋਲਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ  ਦੇ ਘਰ ਰਾਤ ਨੂੰ ਜੰਮੂ ਪੁਲਿਸ ਪਾਰਟੀ ਨੇ ਛਾਪਾਮਾਰੀ ਕੀਤੀ ਅਤੇ ਜ਼ਬਰਦਸਤੀ ਥਾਣੇ ਜਾਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਦੱਸਿਆ ਕਿ ਉਸ ਸਮੇਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲੀਸ ਅਧਿਕਾਰੀ ਵਾਪਸ ਮੁੜ ਗਏ ਅਤੇ ਉਹ ਫਿਰ ਖ਼ੁਦ ਸਵੇਰੇ  ਥਾਣੇ ਗਏ।  ਜਿੱਥੇ ਜਾ ਕੇ ਪਤਾ ਚਲਿਆ ਕਿ ਉਨ੍ਹਾਂ ਨੂੰ ਥਾਣੇ ਲੈ ਕੇ ਆਉਣ ਦੇ ਅਦੇਸ਼ ਸੀਨੀਅਰ ਅਧਿਕਾਰੀਆਂ ਤੋਂ  ਆਏ ਹਨ। ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਭਾਰਤੀ ਫੌਜ ਦਾ ਅੰਗ ਰਹਿ ਚੁੱਕੇ ਹਨ ਅਤੇ ਆਪਣੇ ਜੀਵਨ ਦੇ 18 ਸਾਲ ਉਨ੍ਹਾਂ ਨੇ ਭਾਰਤੀ ਫੌਜ ਵਿੱਚ ਰਹਿ ਕੇ ਭਾਰਤ ਦੀ ਸਰਹੱਦਾਂ  ਉਪਰ ਪਹਿਰਾ ਦਿੰਦਿਆਂ  ਗੁਜ਼ਾਰੇ ਹਨ।

ਉਨ੍ਹਾਂ  ਦੱਸਿਆ 1984 ਵਿਚ  ਓਪਰੇਸ਼ਨ ਮੇਘਦੂਤ ਜਿਹੜਾ ਕਿ ਸਚਿਨ ਗਲੇਸ਼ੀਅਰ ਵਿੱਚ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਸੀ ਉਹ ਉਸ ਦਾ ਹਿਸਾ ਰਹੇ। ਉਸ ਤੋਂ ਬਾਅਦ 1999 ਦੀ ਵਿਚ ਕਾਰਗਿਲ ਲੜਾਈ ਵਿੱਚ ਵੀ ਉਨ੍ਹਾਂ ਦੀ ਰਜਮੈਂਟ ਨੇ ਉਥੇ ਸੀ ਅਤੇ ਖੁੱਦ ਉਸ ਵਕਤ ਮਾਤਾ ਚੌਂਕੀ ਪੋਸਟ ਉੱਪਰ ਤੈਨਾਤ ਰਹੇ। ਇੱਥੇ ਹੀ ਬੱਸ ਨਹੀਂ ਭਾਰਤੀ ਫੌਜ ਦੀ ਸਭ ਤੋ ਪ੍ਰਚਲਿਤ ਰਾਸ਼ਟਰੀ ਰਾਇਫ਼ਲ ਵਿਚ ਵੀ ਉਨ੍ਹਾਂ ਨੇ ਆਪਣੀ 4 ਸਾਲ ਸੇਵਾ ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਇਨ੍ਹੀਂ ਸੇਵਾ ਕਰਨ ਦੇ ਬਾਵਜੂਦ ਵੀ ਦੇਸ਼ ਦੀਆਂ ਏਜੰਸੀਆਂ ਉਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀਆਂ ਹਨ ਤਾਂ ਫਿਰ ਆਮ ਨਾਗਰਿਕ ਦਾ ਕੀ ਹਾਲ ਹੋਵੇਗਾ?  

ਉਨ੍ਹਾਂ ਕਿਹਾ ਕੀ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਹੜੇ ਨੌਜਵਾਨ ਭਾਵਕ ਹੋ ਕੇ ਕੁਝ ਕਰ ਬੈਠਦੇ ਹੋਣਗੇ ਉਨ੍ਹਾਂ ਦਾ ਸੁਰੱਖਿਆ ਏਜੰਸੀਆਂ  ਕੀ ਹਾਲ ਕਰਦੀਆਂ ਹੋਣਗੀਆਂ?  ਉਨ੍ਹਾਂ  ਸਰਕਾਰ ਅਤੇ ਸੁਰਖਿਆ ਏਜੰਸੀਆਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕੀ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਸੁਰੱਖਿਆ ਏਜੰਸੀਆਂ ਪੁਰਾਣਾ ਮਾਹੌਲ ਤਿਆਰ ਕਰਕੇ  ਸਿੱਖ ਨੌਜਵਾਨਾਂ ਦਾ ਘਾਣ ਕਰ ਸਕਦੀਆਂ  ਹਨ। ਅਮਰਜੀਤ ਸਿੰਘ ਨੇ ਸਿੱਖ ਭਾਈਚਾਰੇ ਦੇ ਆਗੂਆਂ 'ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਚੋਣਾਂ ਦੇ ਵਕਤ ਜੋ ਆਗੂ ਆਪਣੇ ਆਪ ਨੂੰ ਸਿੱਖ ਲੀਡਰ ਅਖਵਾਉਂਦੇ ਹਨ ਉਸ ਵਕਤ ਘਰੋ ਬਾਹਰ ਨਹੀ ਆਉਂਦੇ ਜਿਸ ਵਕਤ  ਸਿੱਖ ਬੱਚਿਆਂ ਨੂੰ ਪੁਲੀਸ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ।