ਰਾਮ ਮੰਦਰ ਵਿਚ ਸੀਤਾ ਜੀ ਦੀ ਮੂਰਤੀ ਨਾ ਲਾ ਕੇ ਕੀ ਉਨ੍ਹਾਂ ਨੂੰ ਮੁੜ ਬਨਵਾਸ ਭੇਜੋਗੇ? ਕਰਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਨੇ ਕਿਹਾ-ਸੀਤਾ ਜੀ ਦੀ ਵੀ ਮੂਰਤੀ ਲੱਗੇ ਅਤੇ ਸ਼ਿਵਲਿੰਗ ਵੀ ਸਥਾਪਤ ਹੋਵੇ

Karan Singh

ਨਵੀਂ ਦਿੱਲੀ, 28 ਜੁਲਾਈ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਰਨ ਸਿੰਘ ਨੇ ਕਿਹਾ ਹੈ ਕਿ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਰ ਵਿਚ ਭਗਵਾਨ ਰਾਮ ਨਾਲ ਸੀਤਾ ਜੀ ਦੀ ਵੀ ਪ੍ਰਮੁੱਖ ਮੂਰਤੀ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਵਿਚ ਸ਼ਾਨਦਾਰ ਸ਼ਿਵਲਿੰਗ ਵੀ ਸਥਾਪਤ ਕੀਤਾ ਜਾਵੇ ਕਿਉਂਕਿ ਸ੍ਰੀ ਰਾਮ ਨੇ ਸ਼ਿਵ ਜੀ ਦੀ ਪੂਜਾ ਕੀਤੀ ਸੀ।

ਉਨ੍ਹਾਂ ਕਿਹਾ, 'ਪੰਜ ਅਗੱਸਤ ਨੂੰ ਸ੍ਰੀ ਰਾਮ ਦੇ ਸ਼ਾਨਦਾਰ ਮੰਦਰ ਦਾ ਨੀਂਹ ਪੱਥਰ ਰਖਿਆ ਜਾ ਰਿਹਾ ਹੈ, ਉਸ ਸਬੰਧ ਵਿਚ ਮੇਰੇ ਸੁਝਾਅ ਹਨ। ਇਕ ਤਾਂ ਸ੍ਰੀ ਰਾਮ ਅਤੇ ਸੀਤਾ ਜੀ ਦੋਹਾਂ ਦੀਆਂ ਮੂਰਤੀਆਂ ਹੋਣੀਆਂ ਚਾਹੀਦੀਆਂ ਹਨ। ਇਕੱਲੇ ਸ੍ਰੀ ਰਾਮ ਜੀ ਦੀ ਪੂਜਾ ਅਧੂਰੀ ਰਹਿ ਜਾਂਦੀ ਹੈ। ਅਯੋਧਿਆ ਵਿਚ ਸੀਤਾ ਜੀ ਨਾਲ ਜਿੰਨਾ ਅਨਿਆਂ ਹੋਇਆ ਹੈ, ਕੀ ਉਸ ਨੂੰ ਮੁੜ ਬਨਵਾਸ ਭੇਜਿਆ ਜਾਵੇਗਾ?' ਉਨ੍ਹਾਂ ਕਿਹਾ, 'ਮੇਰਾ ਦੂਜਾ ਸੁਝਾਅ ਹੈ ਕਿ ਇਸ ਮੰਦਰ ਵਿਚ ਸੁੰਦਰ ਅਤੇ ਸ਼ਾਨਦਾਰ ਸ਼ਿਵਲਿੰਗ ਦੀ ਸਥਾਪਨਾ ਜ਼ਰੂਰ ਹੋਣੀ ਚਾਹੀਦੀ ਹੈ। ਰਾਮ ਨੇ ਸ਼ਿਵ ਜੀ ਦੀ ਪੂਜਾ ਕੀਤੀ ਸੀ। ਰਾਮੇਸ਼ਵਰਮ ਵਿਚ ਸ਼ਿਵ ਜੀ ਦਾ ਸ਼ਾਨਦਾਰ ਮੰਦਰ ਇਸ ਤੱਥ ਦਾ ਸਬੂਤ ਹੈ।'

ਜੰਮੂ ਕਸ਼ਮੀਰ ਦੇ ਸਾਬਕਾ ਸਦਰ-ਏ-ਰਿਆਸਤ ਨੇ ਕਿਹਾ, 'ਕਿਸੇ ਮਿੱਤਰ ਨੇ ਮੈਨੂੰ ਪੁਛਿਆ ਕਿ ਕੀ ਤੁਸੀਂ ਸੱਚਮੁਚ ਰਾਮਭਗਤ ਹੋ ਤਾਂ ਮੈਂ ਜਵਾਬ ਦਿਤਾ ਕਿ ਮੈਂ ਰਘੂਵੰਸ਼ੀ ਹਾਂ, ਸ੍ਰੀਰਾਮ ਮੇਰੇ ਕੁਲ ਦੇਵਤਾ ਹਨ ਜਿਨ੍ਹਾਂ ਦਾ ਸ਼ਾਨਦਾਰ ਸ੍ਰੀ ਰਘੂਨਾਥ ਮੰਦਰ ਮੇਰੇ ਪੁਰਖਿਆਂ ਨੇ ਜੰਮੂ ਵਿਚ ਬਣਾਇਆ ਹੋਇਆ ਹੈ। ਮੈਂ ਸ਼ਿਵ ਜੀ ਦੀ ਭਗਤੀ ਕਰਦਾ ਹਾਂ ਜਿਨ੍ਹਾਂ ਦੀ ਸ੍ਰੀ ਰਾਮ ਨੇ ਖ਼ੁਦ ਪੂਜਾ ਕੀਤੀ ਸੀ।'