ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਆਪਰੇਸ਼ਨ ਸੰਧੂਰ ਰੋਕਣ ਲਈ ਨਹੀਂ ਕਿਹਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਦੁਨੀਆਂ ਨੇ ਆਪਰੇਸ਼ਨ ਸੰਧੂਰ ਦੌਰਾਨ ਆਤਮ ਨਿਰਭਰ ਭਾਰਤ ਦੀ ਤਾਕਤ ਵੇਖੀ

No country's leader asked India to stop Operation Sandhur: Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਪੁਸ਼ਟੀ ਕੀਤੀ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਆਪਰੇਸ਼ਨ ਸੰਧੂਰ ਰੋਕਣ ਲਈ ਨਹੀਂ ਕਿਹਾ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਦੇਸ਼ ਨੂੰ ਪੂਰੀ ਦੁਨੀਆਂ  ਦਾ ਸਮਰਥਨ ਮਿਲਿਆ ਹੈ ਪਰ ਕਾਂਗਰਸ ਅਤੇ ਉਸ ਦੇ ਸਹਿਯੋਗੀ ਦੇਸ਼ ਦੇ ਫ਼ੌਜੀਆਂ  ਦੀ ਬਹਾਦਰੀ ਦੇ ਪਿੱਛੇ ਨਹੀਂ ਟਿਕ ਸਕੇ।

ਹੇਠਲੇ ਸਦਨ ’ਚ ਪਹਿਲਗਾਮ ਹਮਲੇ ਅਤੇ ਆਪਰੇਸ਼ਨ ਸੰਧੂਰ ਉਤੇ  ਦੋ ਦਿਨਾਂ ਬਹਿਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੁਨੀਆਂ  ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਤਿਵਾਦ ਵਿਰੁਧ  ਅਪਣੇ  ਬਚਾਅ ’ਚ ਕਾਰਵਾਈ ਕਰਨ ਤੋਂ ਨਹੀਂ ਰੋਕਿਆ।

ਪ੍ਰਧਾਨ ਮੰਤਰੀ ਦੀ ਇਹ ਟਿਪਣੀ  ਵਿਰੋਧੀ ਧਿਰ ਵਲੋਂ  ਵਾਰ-ਵਾਰ ਪੁੱਛੇ ਜਾ ਰਹੇ ਸਵਾਲਾਂ ਦੇ ਵਿਚਕਾਰ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਜੰਗਬੰਦੀ’ ਦਾ ਐਲਾਨ ਕਿਉਂ ਕੀਤਾ।

ਮੋਦੀ ਨੇ ਸਦਨ ਨੂੰ ਦਸਿਆ, ‘‘9 ਮਈ ਦੀ ਰਾਤ ਨੂੰ ਅਮਰੀਕੀ ਉਪ ਰਾਸ਼ਟਰਪਤੀ (ਜੇ.ਡੀ. ਵਾਂਸ) ਨੇ 3-4 ਵਾਰ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਥਿਆਰਬੰਦ ਬਲਾਂ ਨਾਲ ਬੈਠਕਾਂ ਵਿਚ ਰੁਝਿਆ ਹੋਇਆ ਸੀ। ਜਦੋਂ ਮੈਂ ਵਾਪਸ ਫੋਨ ਕੀਤਾ ਤਾਂ ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਪਾਕਿਸਤਾਨ ਵਲੋਂ  ਵੱਡੇ ਹਮਲੇ ਦੀ ਚੇਤਾਵਨੀ ਦਿਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਉਤੇ  ਹਮਲਾ ਕਰਦਾ ਹੈ ਤਾਂ ਸਾਡਾ ਹਮਲਾ ਬਹੁਤ ਵੱਡਾ ਹੋਵੇਗਾ ਕਿਉਂਕਿ ਅਸੀਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦੇਵਾਂਗੇ।’’ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਮੁਹਿੰਮ ਰੋਕਣ ਲਈ ਨਹੀਂ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਲੋਂ  ਨਿਸ਼ਾਨਾ ਬਣਾਏ ਗਏ ਪਾਕਿਸਤਾਨੀ ਹਵਾਈ ਅੱਡੇ ਅਜੇ ਵੀ ਆਈ.ਸੀ.ਯੂ. ਵਿਚ ਹਨ ਅਤੇ 22 ਅਪ੍ਰੈਲ ਦੇ ਅਤਿਵਾਦੀ ਹਮਲੇ ਦੇ ਸਾਜ਼ਸਕਰਤਾਵਾਂ ਨੂੰ ਰਾਤ ਦੀ ਨੀਂਦ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ  ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਤਿਵਾਦ ਵਿਰੁਧ  ਅਪਣੀ ਰੱਖਿਆ ’ਚ ਕਿਸੇ ਵੀ ਕਾਰਵਾਈ ਤੋਂ ਨਹੀਂ ਰੋਕਿਆ। ਸੰਯੁਕਤ ਰਾਸ਼ਟਰ ਵਿਚ ਸਿਰਫ ਤਿੰਨ ਦੇਸ਼ਾਂ ਨੇ ਪਾਕਿਸਤਾਨ ਦੇ ਹੱਕ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪੂਰੀ ਦੁਨੀਆਂ  ਦਾ ਸਮਰਥਨ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਨੇ ਪਾਕਿਸਤਾਨ ਦੇ ਪ੍ਰਮਾਣੂ ਧੋਖੇ ਦੀ ਨਿੰਦਾ ਕੀਤੀ ਅਤੇ ਦੁਨੀਆਂ  ਨੂੰ ਵਿਖਾਇਆ ਕਿ ਅਸੀਂ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕਾਂਗੇ।

ਉਨ੍ਹਾਂ ਕਿਹਾ, ‘‘ਸਾਡਾ ਕੰਮ ਸੰਧੂਰ ਤੋਂ ਸਿੰਧੂ (ਸਿੰਧੂ ਜਲ ਸੰਧੀ) ਤਕ  ਹੈ। ਪਾਕਿਸਤਾਨ ਜਾਣਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਦੁਰਘਟਨਾ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਪਹਿਲਾਂ ਅਤਿਵਾਦੀ ਹਮਲੇ ਕੀਤੇ ਗਏ ਸਨ ਅਤੇ ਹਮਲਿਆਂ ਦੇ ਸਾਜ਼ਸ਼ਕਰਤਾ ਜਾਣਦੇ ਸਨ ਕਿ ਕੁੱਝ  ਨਹੀਂ ਹੋਵੇਗਾ, ਪਰ ਹੁਣ ਉਹ ਜਾਣਦੇ ਹਨ ਕਿ ਭਾਰਤ ਉਨ੍ਹਾਂ ਪਿੱਛੇ ਆਵੇਗਾ।’’

ਮੋਦੀ ਨੇ ਕਿਹਾ ਕਿ ਭਾਰਤ ਵਿਚ ਬਣੇ ਡਰੋਨ ਅਤੇ ਮਿਜ਼ਾਈਲਾਂ ਨੇ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮਰੱਥਾ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ, ‘‘ਦੁਨੀਆਂ  ਨੇ ਆਪਰੇਸ਼ਨ ਸੰਧੂਰ ਦੌਰਾਨ ਆਤਮ ਨਿਰਭਰ ਭਾਰਤ ਦੀ ਤਾਕਤ ਵੇਖੀ। ਅਸੀਂ 22 ਅਪ੍ਰੈਲ ਦੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ 22 ਮਿੰਟਾਂ ਦੇ ਅੰਦਰ ਪਾਕਿਸਤਾਨ ਦੇ ਅੰਦਰ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿਤਾ।’’

ਉਨ੍ਹਾਂ ਕਿਹਾ, ‘‘ਸਾਨੂੰ ਅਪਣੇ  ਹਥਿਆਰਬੰਦ ਬਲਾਂ ਦੀ ਸਮਰੱਥਾ ਉਤੇ  ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਜਵਾਬ ਦੇਣ ਦੀ ਖੁੱਲ੍ਹ ਦਿਤੀ  ਗਈ ਹੈ।’’