ਕੋਰੋਨਾ ਕਾਰਨ ਕਾਂਗਰਸ ਦੇ ਸੰਸਦ ਮੈਂਬਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੀ ਰਾਤ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਲੋਕ ਸਭਾ ਮੈਂਬਰ ਐਚ.....

H Vasanthakumar

ਚੇਨਈ: ਬੀਤੀ ਰਾਤ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਲੋਕ ਸਭਾ ਮੈਂਬਰ ਐਚ ਵਸੰਤਕੁਮਾਰ ਦਾ ਸ਼ੁਕਰਵਾਰ ਨੂੰ ਸਥਾਨਕ ਹਸਪਤਾਲ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦਿਹਾਂਤ ਹੋ ਗਿਆ।

ਕਾਂਗਰਸ ਦੇ ਬੁਲਾਰੇ ਨੇ ਦਸਿਆ ਕਿ ਪਹਿਲੀ ਵਾਰ ਸੰਸਦ ਮੈਂਬਰ ਬਣੇ 70 ਸਾਲਾ ਵਸੰਤਕੁਮਾਰ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਗਰੋਂ 10 ਅਗੱਸਤ ਨੂੰ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਅਤੇ ਬੀਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ

ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲੇ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ ਸੱਭ ਤੋਂ ਵੱਧ 77266 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ 3387500 ਹੋ ਗਏ ਜਦਕਿ ਸ਼ੁਕਰਵਾਰ ਤਕ 2583948 ਮਰੀਜ਼ ਇਸ ਮਾਰੂ ਬੀਮਾਰੀ ਤੋਂ ਠੀਕ ਹੋ ਚੁਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1057 ਹੋਰ ਮਰੀਜ਼ਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 61529 ਹੋ ਗਈ। ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 76.28 ਫ਼ੀ ਸਦੀ ਹੈ ਅਤੇ ਮੌਤ ਦਰ ਡਿੱਗ ਕੇ 1.82 ਫ਼ੀ ਸਦੀ ਹੋ ਗਈ ਹੈ।

ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 742023 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕੁਲ ਮਾਮਲਿਆਂ ਦਾ 21.90 ਫ਼ੀ ਸਦੀ ਹੈ। ਭਾਰਤ ਵਿਚ ਸੱਤ ਅਗੱਸਤ ਨੂੰ ਕੋਵਿਡ-19 ਦੇ ਮਾਮਲੇ 20 ਲੱਖ ਦੇ ਪਾਰ ਹੋ ਗਏ ਸਨ ਅਤੇ 23 ਅਗੱਸਤ ਨੂੰ ਮਾਮਲੇ 30 ਲੱਖ ਦੇ ਪਾਰ ਚਲੇ ਗਏ ਸਨ।

ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਦੇਸ਼ ਵਿਚ 27 ਅਗੱਸਤ ਤਕ 39477848 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 901338 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਭਾਰਤ ਵਿਚ ਇਕ ਦਿਨ ਵਿਚ ਏਨੀ ਜ਼ਿਆਦਾ ਗਿਣਤੀ ਵਿਚ ਮਾਮਲੇ ਆਉਣ ਨਾਲ ਨਵਾਂ ਰੀਕਾਰਡ ਬਣ ਗਿਆ।

ਇਕ ਦਿਨ ਵਿਚ 1057 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਕੁਲ ਮੌਤਾਂ ਦੀ ਗਿਣਤੀ ਵੱਧ ਕੇ 61529 ਹੋ ਗਈ ਹੈ। ਦੁਨੀਆਂ ਵਿਚ ਸੱਭ ਤੋਂ ਵੱਧ ਕੇਸਾਂ ਪੱਖੋਂ ਭਾਰਤ ਤੀਜੇ ਨੰਬਰ 'ਤੇ ਹੈ ਜਦਕਿ ਅਮਰੀਕਾ ਪਹਿਲੇ ਅਤੇ ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ। ਮਹਾਰਾਸ਼ਟਰ ਵਿਚ ਇਸ ਬੀਮਾਰੀ ਦੀ ਮਾਰ ਸੱਭ ਤੋਂ ਜ਼ਿਆਦਾ ਪੈ ਰਹੀ ਹੈ। ਇਥੇ ਸ਼ੁਕਰਵਾਰ ਨੂੰ 14 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ।