ਹੁਣ ਹਰੀਸ਼ ਰਾਵਤ ਮੁੜ ਚੰਡੀਗੜ੍ਹ ਆ ਕੇ ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਲਈ ਕਰਨਗੇ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਪਟਨ ਤੇ ਸਿੱਧੂ ਤੋਂ ਇਲਾਵਾ ਦੋਹਾਂ ਪੱਖਾਂ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲਣਗੇ

Harish Rawat and Rahul Gandhi

 

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਸੰਕਟ ਨੂੰ ਲੈ ਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਕੇ ਰਿਪੋਰਟ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨੂੰ ਮਿਲ ਕੇ ਸਾਰੀ ਸਥਿਤੀ ਬਾਰੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ।  ਰਾਵਤ ਨੇ ਕੈਪਟਨ ਅਤੇ ਸਿੱਧੂ ਪੱਖੀ ਵਿਧਾਇਕਾਂ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ। ਮਿਲੀ ਜਾਣਕਾਰੀ ਅਨੁਸਾਰ ਹੁਣ ਹਾਈ ਕਮਾਨ ਨੇ ਇਕ ਵਾਰ ਫਿਰ ਹਰੀਸ਼ ਰਾਵਤ ਨੂੰ ਦੋਹਾਂ ਪੱਖਾਂ ਨਾਲ ਚੰਡੀਗੜ੍ਹ ਜਾ ਕੇ ਗੱਲਬਾਤ ਕਰ ਕੇ ਮਸਲੇ ਨੂੰ ਸੁਲਝਾਉਣ ਲਈ ਕਿਹਾ ਹੈ। 

 

 

ਰਾਹੁਲ ਨਾਲ ਮੀਟਿੰਗ ਤੋਂ ਬਾਅਦ ਵੀ ਹਰੀਸ਼ ਰਾਵਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਦੋ ਤਿੰਨ ਦਿਨਾਂ ਵਿਚ ਚੰਡੀਗੜ੍ਹ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ, ਕੈਪਟਨ ਸਮਰਥਕ ਵਿਧਾਇਕਾਂ ਤੇ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਮਿਲ ਕੇ ਸਾਰੀ ਜਾਣਕਾਰੀ ਲੈਣ ਬਾਅਦ ਕੋਈ ਹੱਲ ਕਰਵਾਉਣਗੇ। ਆਖਰੀ ਫ਼ੈਸਲਾ ਪਾਰਟੀ ਹਾਈਕਮਾਨ ਕਰੇਗੀ। 

 

 

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਸਲਾ ਸੁਲਝ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਡੇ ਫ਼ੈਸਲੇ ਲੈ ਰਹੇ ਹਨ ਅਤੇ ਪਾਰਟੀ ਵਿਚ ਏਕਤਾ ਦੀ ਲੋੜ ਹੈ। ਇਸੇ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਨਾਰਾਜ਼ ਮੰਤਰੀ ਵੀ ਹਾਈਕਮਾਨ ਦੇ ਨੇਤਾਵਾਂ ਨਾਲ ਮਿਲਣ ਦੇ ਯਤਨਾ ਵਿਚ ਹਨ ਪਰ ਹਾਲੇ ਤੱਕ ਕਿਸੇ ਨੇਤਾ ਵਲੋਂ ਸਮਾਂ ਨਹੀਂ ਮਿਲਿਆ ਤੇ ਲਗਦਾ ਹੈ ਕਿ ਹੁਣ ਚੰਡੀਗੜ੍ਹ ਵਿਚ ਇਕ ਵਾਰ ਹਰੀਸ਼ ਰਾਵਤ ਨਾਲ ਹੀ ਸੱਭ ਦੀ ਮੁੜ ਗੱਲਬਾਤ ਹੋਵੇਗੀ।