ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਸਿੱਖਿਆ, ਮੁੰਡੇ-ਕੁੜੀਆਂ ਦਾ ਇਕੱਠਿਆਂ ਪੜ੍ਹਨਾ ਦੱਸਿਆ ਭਾਰਤੀ ਸੰਸਕ੍ਰਿਤੀ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ-ਇਸ ਨਾਲ ਫ਼ੈਲਦੀ ਹੈ 'ਅਰਾਜਕਤਾ'

photo

 

ਕੋਚੀ (ਕੇਰਲ) 29 ਅਗਸਤ: ਸਿੱਖਿਆ ਉੱਤੇ ਧਾਰਮਿਕ ਜਾਂ ਧਰਮ ਆਧਾਰਿਤ ਸਿਆਸੀ ਰੰਗਤ ਚੜ੍ਹਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਖ਼ਬਰ ਕੇਰਲ ਤੋਂ ਹੈ ਜਿੱਥੇ ਗਿਣਤੀ ਪੱਖੋਂ ਮਜ਼ਬੂਤ ​​ਹਿੰਦੂ ਭਾਈਚਾਰੇ ਦੇ ਆਗੂ ਵੇਲਾਪੱਲੀ ਨਤੇਸਨ ਨੇ ਕਿਹਾ ਹੈ ਕਿ ਪੜ੍ਹਾਈ ਲਈ ਜਮਾਤਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦਾ ਇਕੱਠਿਆਂ ਬੈਠਣਾ ‘ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼’ ਹੈ ਅਤੇ ਇਹ ‘ਅਰਾਜਕਤਾ’ ਪੈਦਾ ਕਰਦਾ ਹੈ।

 

ਨਤੇਸਨ ਨੇ ਇਹ ਟਿੱਪਣੀਆਂ ਕੇਰਲਾ ਵਿੱਚ ਖੱਬੇ ਜਮਹੂਰੀ ਮੋਰਚੇ (ਐਲਡੀਐਫ) ਦੀ ਅਗਵਾਈ ਵਾਲੀ ਸਰਕਾਰ ਦੀ ਸਕੂਲਾਂ ਵਿੱਚ ਵਰਦੀਆਂ ਦੀ ਲਿੰਗ ਨਿਰਪੱਖ ਨੀਤੀ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤੀਆਂ। ਜ਼ਿਕਰਯੋਗ ਹੈ ਕਿ ਵੇਲਾਪੱਲੀ ਨਤੇਸਨ ਮੁੱਖ ਮੰਤਰੀ ਕੇਰਲ ਪਿਨਾਰਾਈ ਵਿਜਯਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। 

 

 

ਨਤੇਸਨ ਨੇ ਅੱਗੇ ਕਿਹਾ, ''ਅਸੀਂ ਸ਼੍ਰੀ ਨਰਾਇਣ ਧਰਮ ਪਰਿਪਾਲਨ ਯੋਗਮ (ਐਸਐਨਡੀਪੀ), ਕੁੜੀਆਂ ਅਤੇ ਮੁੰਡਿਆਂ ਦੇ ਜਮਾਤਾਂ ਵਿੱਚ ਇਕੱਠੇ ਬੈਠਣ ਦੇ ਹੱਕ ਵਿੱਚ ਨਹੀਂ। ਸਾਡਾ ਆਪਣਾ ਸੱਭਿਆਚਾਰ ਹੈ। ਅਸੀਂ ਅਮਰੀਕਾ ਜਾਂ ਇੰਗਲੈਂਡ ਵਿਚ ਨਹੀਂ ਰਹਿ ਰਹੇ। ਸਾਡਾ ਸੱਭਿਆਚਾਰ ਮੁੰਡੇ-ਕੁੜੀਆਂ ਵੱਲੋਂ ਇਕ-ਦੂਜੇ ਨੂੰ ਗਲ਼ੇ ਲਗਾਉਣਾ ਅਤੇ ਇਕੱਠੇ ਬੈਠਣਾ ਸਵੀਕਾਰ ਨਹੀਂ ਕਰਦਾ। ਤੁਸੀਂ ਇਸਾਈ ਅਤੇ ਮੁਸਲਿਮ ਵਿਦਿਅਕ ਅਦਾਰਿਆਂ ਵਿੱਚ ਅਜਿਹਾ ਨਹੀਂ ਦੇਖਦੇ।"

ਉਹਨਾਂ ਨੇ ਕਿਹਾ ਕਿ ਅਜਿਹਾ ਵਿਉਹਾਰ 'ਅਰਾਜਕਤਾ ਪੈਦਾ ਕਰਦਾ ਹੈ' ਅਤੇ ਇਹੀ ਕਾਰਨ ਹੈ ਕਿ ਅਜਿਹੇ ਕਾਲਜ ਹਿੰਦੂ ਸੰਗਠਨਾਂ ਦੁਆਰਾ ਪ੍ਰਤੀਬੰਧਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਦਾਰਿਆਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਤੋਂ ਚੰਗੇ ਗ੍ਰੇਡ ਜਾਂ ਫੰਡ ਨਾ ਮਿਲਣ ਦਾ ਵੀ ਇਹ ਇਕ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਕਾਲਜਾਂ 'ਚ ਪੜ੍ਹਦੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਨਾ ਤਾਂ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਨਾ ਹੀ ਇਕ ਦੂਜੇ ਨੂੰ ਗਲ਼ੇ ਲਗਾਉਣਾ ਚਾਹੀਦਾ ਹੈ, ਕਿਉਂਕਿ ਉਹ ਹਾਲੇ ਪੜ੍ਹ ਰਹੇ ਹਨ। ਭਾਰਤ ਵਿੱਚ ਬੱਚਿਆਂ ਦਾ ਇਕੱਠੇ ਬੈਠਣਾ ਅਤੇ ਇੱਕ ਦੂਜੇ ਨੂੰ ਜੱਫ਼ੀਆਂ ਪਾਉਣਾ ਠੀਕ ਨਹੀਂ ਹੈ। ਨਤੇਸਨ ਨੇ ਸਰਕਾਰ 'ਤੇ ਵੀ ਸਵਾਲ ਚੁੱਕੇ ਕਿ ਸਰਕਾਰ ਇਹ ਫ਼ੈਸਲਾ ਨਹੀਂ ਕਰ ਰਹੀ ਹੈ ਕਿ ਬੱਚਿਆਂ ਨੂੰ ਕਿਹੜੀ ਵਰਦੀ ਪਹਿਨਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਮੁੰਡੇ-ਕੁੜੀਆਂ ਦੇ ਸਾਂਝੇ ਸਕੂਲਾਂ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ। 

ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇੱਕ ਵੱਖਰਾ ਪੱਖ ਹੈ, ਅਤੇ ਆਪਣੀ ਸੋਚ ਜਾਂ ਵਿਚਾਰਧਾਰਾ ਕਿਸੇ 'ਤੇ ਜ਼ਬਰੀ ਥੋਪਣਾ ਵੱਖਰਾ। ਪਰ ਇੱਥੇ ਇੱਕ ਗੱਲ ਜ਼ਰੂਰ ਵਿਚਾਰਨ ਵਾਲੀ ਹੈ ਕਿ ਪੜ੍ਹਾਈ ਨੂੰ ਧਾਰਮਿਕ ਜਾਂ ਧਰਮ ਆਧਾਰਿਤ ਸਿਆਸਤ ਦੀ ਐਨਕ ਵਿੱਚੋਂ ਦੇਖਣਾ, ਨਾ ਵਿਦਿਆਰਥੀਆਂ ਦੇ ਹੱਕ 'ਚ ਹੈ ਅਤੇ ਨਾ ਹੀ ਸਮਾਜ ਦੇ।