ਲਾਰੈਂਸ ਬਿਸ਼ਨੋਈ ਦੀ ਨਸ਼ੇ ਦੇ ਮਾਮਲੇ 'ਚ ਬਦਲੀ ਜੇਲ੍ਹ, ਹੁਣ ਗੁਜਰਾਤ ਦੀ ਕੇਂਦਰੀ ਜੇਲ੍ਹ 'ਚ ਭੇਜਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

195 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਬਰਾਮਦ ਹੋਣ ਦਾ ਮਾਮਲਾ

Lawrence Bishnoi

ਗੁਜਰਾਤ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹਾਈ-ਪ੍ਰੋਫਾਈਲ ਕਤਲ ਕੇਸ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਥਾਨਕ ਸਾਬਰਮਤੀ ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਇਹ ਕਦਮ 195 ਕਰੋੜ ਰੁਪਏ ਦੇ ਡਰੱਗਜ਼ ਮਾਮਲੇ 'ਚ ਉਸ ਦੀ ਸ਼ਮੂਲੀਅਤ ਨੂੰ ਲੈ ਕੇ ਚੁੱਕਿਆ ਗਿਆ ਹੈ।
ਬਿਸ਼ਨੋਈ ਨੂੰ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਸੀ, ਪਰ ਬਾਅਦ ਵਿਚ ਇਸ ਸਾਲ ਅਪ੍ਰੈਲ ਵਿਚ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੂੰ ਸੌਂਪ ਦਿੱਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਪਾਕਿਸਤਾਨ ਨਾਲ ਜੁੜੀਆਂ ਕਥਿਤ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨਾਲ ਜੁੜੀ ਹੋਈ ਸੀ।

ਪਿਛਲੇ ਸਾਲ 14 ਸਤੰਬਰ ਨੂੰ ਗੁਜਰਾਤ ਏਟੀਐਸ ਨੇ ਭਾਰਤੀ ਤੱਟ ਰੱਖਿਅਕਾਂ ਦੇ ਨਾਲ ਮਿਲ ਕੇ ਕੱਛ ਜ਼ਿਲ੍ਹੇ ਵਿਚ ਜਾਖਾਊ ਬੰਦਰਗਾਹ ਨੇੜੇ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੇ ਬੇੜੇ 'ਅਲ ਤਾਇਸਾ' ਨੂੰ ਰੋਕਿਆ ਸੀ। ਇਸ ਕਾਰਵਾਈ ਦੌਰਾਨ ਕਰੀਬ 195 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਬਰਾਮਦ ਕੀਤੀ ਗਈ।   
ਇਸ ਆਪਰੇਸ਼ਨ ਵਿਚ ਰੋਕੇ ਗਏ ਜਹਾਜ਼ ਵਿਚ ਸਵਾਰ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿਚ ਦਿੱਲੀ ਅਤੇ ਪੰਜਾਬ ਵਿਚ ਵੰਡਣ ਲਈ ਜ਼ਬਤ ਕੀਤੀ ਗਈ ਹੈਰੋਇਨ ਨਾਲ ਪਾਕਿਸਤਾਨ ਤੋਂ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਗਠਜੋੜ ਦਾ ਖੁਲਾਸਾ ਹੋਇਆ ਸੀ।