ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ’ਚ ਲੋਕਾਂ ਦੇ ਜੀਣ ਦੀ ਸੰਭਾਵਨਾ 11.9 ਸਾਲ ਘੱਟ ਹੋਣ ਦਾ ਖਦਸ਼ਾ
ਭਾਰਤ ਦੇ 1.3 ਅਰਬ ਲੋਕ ਨਿਰਧਾਰਤ ਹੱਦ ਤੋਂ ਵੱਧ ਪ੍ਰਦੂਸ਼ਣ ਵਾਲੇ ਇਲਾਕਿਆਂ ਦੇ ਵਾਸੀ
ਇਲਾਕੇ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ ਪਠਾਨਕੋਟ ’ਚ ਵੀ ਸੂਖਮ ਕਣਾਂ ਦਾ ਪ੍ਰਦੂਸ਼ਣ ਡਬਲਿਊ.ਐੱਚ.ਓ. ਦੀ ਹੱਦ ਤੋਂ ਸੱਤ ਗੁਣਾ ਵੱਧ
ਨਵੀਂ ਦਿੱਲੀ: ਦਿੱਲੀ ਨੂੰ ਇਕ ਨਵੇਂ ਅਧਿਐਨ ’ਚ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਇਆ ਗਿਆ ਹੈ ਅਤੇ ਜੇਕਰ ਇਸੇ ਪੱਧਰ ’ਤੇ ਪ੍ਰਦੂਸ਼ਣ ਬਰਕਰਾਰ ਰਿਹਾ ਤਾਂ ਦਿੱਲੀ ਵਾਸੀਆਂ ਦੇ ਜੀਣ ਦੀ ਸੰਭਾਵਨਾ 11.9 ਸਾਲ ਘੱਟ ਹੋ ਜਾਣ ਦਾ ਖਦਸ਼ਾ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ਊਰਜਾ ਨੀਤੀ ਇੰਸਟੀਚਿਊਟ ਵਲੋਂ ਜਾਰੀ ਹਵਾ ਮਿਆਰ ਜੀਵਨ ਸੂਚਕ ਅੰਕ (ਏ.ਕਿਊ.ਐੱਲ.ਆਈ.) ’ਚ ਦਰਸਾਇਆ ਗਿਆ ਹੈ ਕਿ ਭਾਰਤ ਦੇ 1.3 ਅਰਬ ਲੋਕ ਉਨ੍ਹਾਂ ਇਲਾਕਿਆਂ ’ਚ ਰਹਿੰਦੇ ਹਨ ਜਿਥੇ ਸਾਲਾਨਾ ਔਸਤ ਕਣ ਪ੍ਰਦੂਸ਼ਣ ਪੱਧਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਨਿਰਧਾਰਤ ਪੰਜ ਮਾਈਕ੍ਰੋਨ ਪ੍ਰਤੀ ਘਣ ਮੀਟਰ ਦੀ ਹੱਦ ਤੋਂ ਵੱਧ ਹੈ।
ਇਸ ’ਚ ਇਹ ਵੀ ਪਾਇਆ ਗਿਆ ਹੈ ਕਿ ਦੇਸ਼ ਦੀ 67.4 ਫ਼ੀ ਸਦੀ ਆਬਾਦੀ ਅਜਿਹੇ ਇਲਾਕਿਆਂ ’ਚ ਰਹਿੰਦੀ ਹੈ, ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਅਪਣੇ ਕੌਮੀ ਹਵਾ ਮਿਆਰ ਮਾਨਕ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੀ ਵੱਧ ਹੈ।
ਅਧਿਐਨ ’ਚ ਦਸਿਆ ਗਿਆ ਹੈ ਕਿ ਡਬਲਿਊ.ਐੱਚ.ਓ. ਦੀ ਪੰਜ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਨਿਰਧਾਰਤ ਹੱਦ ਦੀ ਸਥਿਤੀ ’ਚ ਹੋਣ ਵਾਲੀ ਜੀਵਨ ਸੰਭਾਵਨਾ ਮੁਕਾਬਲੇ ਹਵਾ ’ਚ ਮੌਜੂਦ ਸੂਖਮ ਕਣਾਂ ਨਾਲ ਹੋਣ ਵਾਲਾ ਪ੍ਰਦੂਸ਼ਣ (ਪੀ.ਐੱਮ. 2.5) ਔਸਤ ਭਾਰਤੀ ਦੀ ਜੀਵਨ ਸੰਭਾਵਨਾ ਨੂੰ 5.3 ਸਾਲ ਘੱਟ ਕਰ ਦਿੰਦਾ ਹੈ।
ਏ.ਕਿਊ.ਐਲ.ਆਈ. ਅਨੁਸਾਰ ਦਿੱਲੀ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਅਤੇ ਜੇਕਰ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਬਰਕਰਾਰ ਰਿਹਾ ਤਾਂ ਇਕ ਕਰੋੜ 80 ਲੱਖ ਵਾਸੀਆਂ ਦੀ ਜੀਵਨ ਸੰਭਾਵਨਾ ਡਬਲਿਊ.ਐੱਚ.ਓ. ਦੀ ਮਿੱਥੀ ਹੱਦ ਦੇ ਅਨੁਸਾਰ 11.9 ਸਾਲ ਅਤੇ ਕੌਮੀ ਹਦਾਇਤਾਂ ਅਨੁਸਾਰ 8.5 ਸਾਲ ਘੱਟ ਹੋਣ ਦਾ ਸ਼ੱਕ ਹੈ।
ਅਧਿਐਨ ’ਚ ਕਿਹਾ ਗਿਆ ਹੈ, ‘‘ਇਥੋਂ ਤਕ ਕਿ ਇਲਾਕੇ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ- ਪੰਜਾਬ ਦੇ ਪਠਾਨਕੋਟ- ’ਚ ਵੀ ਸੂਖਮ ਕਣਾਂ ਦਾ ਪ੍ਰਦੂਸ਼ਣ ਡਬਲਿਊ.ਐੱਚ.ਓ. ਦੀ ਹੱਦ ਤੋਂ ਸੱਤ ਗੁਣਾ ਵੱਧ ਹੈ ਅਤੇ ਜੇਕਰ ਮੌਜੂਦਾ ਪੱਧਰ ਬਰਕਰਾਰ ਰਹਿੰਦਾ ਹੈ ਤਾਂ ਉਥੇ ਜੀਵਨ ਸੰਭਾਵਨਾ 3.1 ਸਾਲ ਘੱਟ ਹੋ ਸਕਦੀ ਹੈ।’’
ਅਧਿਐਨ ’ਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਦਾ ਕਾਰਨ ਸ਼ਾਇਦ ਇਹ ਹੈ ਕਿ ਇਸ ਖੇਤਰ ’ਚ ਵਸੋਂ ਦਾ ਸੰਘਣਾਪਨ ਦੇਸ਼ ਦੇ ਬਾਕੀ ਹਿੱਸਿਆਂ ਤੋਂ ਲਗਭਗ ਤਿੰਨ ਗੁਣਾ ਵੱਧ ਹੈ, ਯਾਨੀਕਿ ਇਥੇ ਗੱਡੀਆਂ, ਰਿਹਾਇਸ਼ੀ ਅਤੇ ਖੇਤੀ ਸਰੋਤਾਂ ਤੋਂ ਵੱਧ ਪ੍ਰਦੂਸ਼ਣ ਹੁੰਦਾ ਹੈ।
ਅਰਥਸ਼ਾਸਤਰ ਦੇ ‘ਮਿਲਟਨ ਫ਼ੀਡਮਨ ਵਿਸ਼ੇਸ਼ ਸੇਵਾ ਪ੍ਰੋਫ਼ੈਸਰ’ ਅਤੇ ਅਧਿਐਨ ’ਚ ਸ਼ਾਮਲ ਮਾਈਕਲ ਗ੍ਰੀਨਸਟੋਨ ਨੇ ਕਿਹਾ, ‘‘ਹਵਾ ਪ੍ਰਦੂਸ਼ਣ ਦਾ ਕੌਮਾਂਤਰੀ ਜੀਵਨ ਸੰਭਾਵਨਾ ’ਤੇ ਤਿੰਨ-ਚੌਥਾਈ ਅਸਰ ਸਿਰਫ਼ ਛੇ ਦੇਸ਼ਾਂ- ਬੰਗਲਾਦੇਸ਼, ਭਾਰਤ, ਪਾਕਿਸਤਾਨ, ਚੀਨ, ਨਾਈਜੀਰੀਆ ਅਤੇ ਇੰਡੋਨੇਸ਼ੀਆ- ’ਚ ਪੈਂਦਾ ਹੈ, ਜਿਥੇ ਲੋਕ ਪ੍ਰਦੂਸ਼ਿਤ ਹਵਾ ’ਚ ਸਾਹ ਲੈਣ ਕਾਰਨ ਅਪਣੇ ਜੀਵਨ ਦੇ ਇਕ ਤੋਂ ਲੈ ਕੇ ਛੇ ਸਾਲ ਤੋਂ ਵੱਧ ਸਮੇਂ ਨੂੰ ਗੁਆ ਦਿੰਦੇ ਹਨ।’’