Kangana Ranaut News : ਕੰਗਨਾ ਰਣੌਤ ਨੇ ਸਿਮਰਨਜੀਤ ਮਾਨ 'ਤੇ ਕੀਤਾ ਪਲਟਵਾਰ, ਰੇਪ ਵਾਲੇ ਬਿਆਨ 'ਤੇ ਦਿੱਤਾ ਇਹ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਸਾਈਕਲ ਚਲਾਉਣ ਨਾਲ ਹੋ ਰਹੀ ਹੈ ਰੇਪ ਦੀ ਤੁਲਨਾ

Simranjit Singh Mann & Kangana Ranaut file image

 Kangana Ranaut News : ਸਾਬਕਾ MP ਸਿਮਰਨਜੀਤ ਸਿੰਘ ਮਾਨ ਨੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਜਿਸ 'ਤੇ ਕੰਗਨਾ ਨੇ ਸਿਮਰਨਜੀਤ ਮਾਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਵਿਵਾਦਿਤ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸਿਮਰਨਜੀਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ।

ਕੰਗਨਾ ਰਣੌਤ ਨੇ ਸਿਮਰਨਜੀਤ ਦੀ ਮਾਨਸਿਕਤਾ 'ਤੇ ਸਵਾਲ ਉਠਾਉਂਦਿਆਂ ਕਿਹਾ, ''ਅੱਜ ਇੱਕ ਸੀਨੀਅਰ ਸਿਆਸਤਦਾਨ ਨੇ ਰੇਪ ਦੀ ਤੁਲਨਾ ਸਾਈਕਲ ਚਲਾਉਣ ਨਾਲ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਰੇਪ ਅਤੇ ਮਨੋਰੰਜਨ ਲਈ ਔਰਤਾਂ ਖਿਲਾਫ਼ ਹਿੰਸਾ ,ਇਸ ਮਰਦ-ਪ੍ਰਧਾਨ ਦੇਸ਼ ਦੀ ਮਾਨਸਿਕਤਾ 'ਚ ਇੰਨੀਆਂ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਹੈ"। 

ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਪੋਸਟ 'ਚ ਕਿਹਾ, "ਅਜਿਹਾ ਲੱਗਦਾ ਹੈ ਕਿ ਇਹ ਦੇਸ਼ ਕਦੇ ਵੀ ਰੇਪ ਨੂੰ ਮਾਮੂਲੀ ਸਮਝਣਾ ਬੰਦ ਨਹੀਂ ਕਰੇਗਾ। ਇਸ ਦਾ ਇਸਤੇਮਾਲ ਲਾਪਰਵਾਹੀ ਨਾਲ ਛੇੜਨ ਜਾਂ ਛੇੜਛਾੜ ਲਈ ਕੀਤਾ ਜਾਂਦਾ ਹੈ। ਕਿਸੇ ਵੀ ਔਰਤ ਦਾ ਮਜ਼ਾਕ ਉਡਾਓ, ਭਾਵੇਂ ਉਹ ਹਾਈ ਪ੍ਰੋਫਾਈਲ ਫਿਲਮ ਨਿਰਮਾਤਾ ਜਾਂ ਰਾਜਨੇਤਾ ਹੋਵੇ।"ਅਭਿਨੇਤਰੀ ਨੇ ਬਿਨ੍ਹਾਂ ਕਿਸੇ ਦਾ ਨਾਮ ਲਏ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਦੀ ਵੀਡੀਓ ਸਾਂਝੀ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। 

ਦੱਸ ਦੇਈਏ ਕਿ ਕੰਗਨਾ ਰਣੌਤ ਨੇ ਹਾਲ ਹੀ 'ਚ ਕਿਸਾਨ ਅੰਦੋਲਨ 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਇਸ ਸਬੰਧੀ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੱਤਰਕਾਰਾਂ ਨੇ ਸਵਾਲ ਪੁੱਛੇ, ਜਿਸ ਦੇ ਜਵਾਬ 'ਚ ਉਨ੍ਹਾਂ ਕੰਗਨਾ ਰਣੌਤ 'ਤੇ ਅਸ਼ਲੀਲ ਟਿੱਪਣੀ ਕੀਤੀ।ਸਿਮਰਨਜੀਤ ਮਾਨ ਨੇ ਕਿਹਾ,“ਤੁਸੀਂ ਕੰਗਣਾ ਨੂੰ ਪੁੱਛ ਸਕਦੇ ਹੋ ਕਿ ਰੇਪ ਕਿਵੇਂ ਹੁੰਦਾ ਹੈ ਤਾਂ ਜੋ ਲੋਕਾਂ ਨੂੰ ਇਸ ਬਾਰੇ ਦੱਸਿਆ ਜਾ ਸਕੇ। ਉਨ੍ਹਾਂ (ਕੰਗਨਾ) ਨੂੰ ਬਹੁਤ ਅਨੁਭਵ ਹੈ। ਜਦੋਂ ਸਿਮਰਨਜੀਤ ਮਾਨ ਨੂੰ ਪੁੱਛਿਆ ਗਿਆ ਕਿ ਕੰਗਨਾ ਰਣੌਤ ਨੂੰ ਰੇਪ ਦਾ ਅਨੁਭਵ ਕਿਵੇਂ ਹੈ? ਜਵਾਬ ਵਿੱਚ ਮਾਨ ਨੇ ਕਿਹਾ, “ਜਿਵੇਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਤੁਹਾਨੂੰ ਸਾਈਕਲ ਚਲਾਉਣ ਦਾ ਤਜਰਬਾ ਹੋ ਜਾਂਦਾ ਹੈ। ਉਸ ਨੂੰ ਰੇਪ ਦਾ ਤਜਰਬਾ ਹੈ।”

 ਜਾਣੋ ਕੀ ਸੀ ਪੂਰਾ ਮਾਮਲਾ ?
 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਕ ਇੰਟਰਵਿਊ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੰਗਲਾਦੇਸ਼ ਹਿੰਸਾ ਦੀ ਤੁਲਨਾ ਕਿਸਾਨ ਅੰਦੋਲਨ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਲੀਡਰਸ਼ਿਪ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਦੇਸ਼ 'ਚ ਬੰਗਲਾਦੇਸ਼ ਵਰਗੀ ਸਮੱਸਿਆ ਪੈਦਾ ਹੋ ਸਕਦੀ ਸੀ। ਕੰਗਨਾ ਨੇ ਇਹ ਵੀ ਆਰੋਪ ਲਾਇਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ "ਲਾਸ਼ਾਂ ਲਟਕ ਰਹੀਆਂ ਸਨ" ਅਤੇ "ਬਲਾਤਕਾਰ" ਹੋ ਰਹੇ ਸਨ।