ਜਿਨ੍ਹਾਂ ਸੰਦਾਂ ਦੀ ਕਿਸਾਨ ਪੂਜਾ ਕਰਦਾ ਹੈ ਉਸ ਨੂੰ ਅੱਗ ਲਗਾ ਕੇ ਕੀਤਾ ਕਿਸਾਨ ਦਾ ਅਪਮਾਨ - ਮੋਦੀ
ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਅਧਿਕਾਰ ਦੇ ਰਹੀ ਹੈ ਤਾਂ ਵੀ ਲੋਕ ਵਿਰੋਧ ਕਿਉਂ ਕਰ ਰਹੇ ਹਨ
ਦੇਹਰਾਦੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰਾਖੰਡ ਦੇ ਨਮਾਮੀ ਗੰਗਾ ਤਹਿਤ ਉਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼ ਅਤੇ ਬਦਰੀਨਾਥ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਦੁਆਰ ਦੇ ਚਾਂਦੀਘਾਟ ਵਿਖੇ ਗੰਗਾ ਆਬਜ਼ਰਵੇਸ਼ਨ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮਾਂ ਗੰਗਾ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਛੇ ਵੱਡੇ ਪ੍ਰੋਜੈਕਟ ਆਰੰਭ ਕੀਤੇ ਗਏ ਹਨ ਜਿਨ੍ਹਾਂ ਵਿਚ ਐਸਟੀਪੀ ਅਤੇ ਅਜਾਇਬ ਘਰ ਵਰਗੇ ਪ੍ਰੋਜੈਕਟ ਸ਼ਾਮਲ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨੇ 'ਤੇ ਲਿਆ।
ਉਹਨਾਂ ਨੇ ਕਿਹਾ ਕਿ ਜੋ ਲੋਕ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਕਿਸਾਨ ਖੁੱਲ੍ਹੇ ਬਜ਼ਾਰ ਵਿਚ ਆਪਣੀ ਫਸਲ ਵੇਚ ਸਕੇ। ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਲੋਕ ਕਿਸਾਨਾਂ ਦੇ ਵਿਰੋਧ ਵਿਚ ਹਨ। ਪੀਐੱਮ ਮੋਦੀ ਨੇ ਕਿਹਾ ਕਿ ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਅਧਿਕਾਰ ਦੇ ਰਹੀ ਹੈ ਤਾਂ ਵੀ ਲੋਕ ਵਿਰੋਧ ਕਿਉਂ ਕਰ ਰਹੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਜਿਹਨਾਂ ਚੀਜ਼ਾਂ ਦੀ ਕਿਸਾਨ ਪੂਜਾ ਕਰਦਾ ਹੈ ਅੱਜ ਉਹਨਾਂ ਚੀਜ਼ਾਂ ਨੂੰ ਕੁੱਝ ਲੋਕਾਂ ਨੇ ਜਲਾ ਕੇ ਕਿਸਾਨ ਦਾ ਅਪਮਾਨ ਕੀਤਾ ਹੈ।