ਸੋਨੀਆ ਗਾਂਧੀ ਤੋਂ ਅਸ਼ੋਕ ਗਹਿਲੋਤ ਨੇ ਮੰਗੀ ਮੁਆਫ਼ੀ ਕਿਹਾ- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਹੀਂ ਲੜਾਂਗਾ ਚੋਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 50 ਸਾਲਾਂ ਵਿਚ, ਰਾਜੀਵ ਜੀ ਤੋਂ ਲੈ ਕੇ ਸੋਨੀਆ ਗਾਂਧੀ ਤੱਕ, ਮੈਂ ਇੱਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕੀਤਾ

Ashok Gehlot apologized to Sonia Gandhi

 

ਨਵੀਂ ਦਿੱਲੀ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਨਾ ਲੜਨ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਅਹੁਦੇ ਲਈ ਹੁਣ ਤੱਕ ਗਹਿਲੋਤ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਰਾਜਸਥਾਨ ਵਿਚ ਜੋ ਵੀ ਹੋਇਆ ਉਸ ਲਈ ਮੈਂ ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗ ਚੁੱਕਾ ਹਾਂ। ਮੈਂ ਰਾਜਸਥਾਨ ਦਾ ਮੁੱਖ ਮੰਤਰੀ ਹਾਂ, ਇਸ ਲਈ ਮੈਂ ਆਪਣੀ ਨੈਤਿਕਤਾ ਦੇ ਆਧਾਰ 'ਤੇ ਮੁਆਫ਼ੀ ਮੰਗੀ ਹੈ। ਹਾਲਾਂਕਿ ਰਾਜਸਥਾਨ 'ਚ ਜੋ ਵੀ ਹੋਇਆ ਉਸ 'ਚ ਮੇਰਾ ਕੋਈ ਹੱਥ ਨਹੀਂ ਹੈ।

ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਦੇ ਅਹੁਦੇ ਲਈ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਇਕ ਲਾਈਨ ਦਾ ਪ੍ਰਸਤਾਵ ਪਾਸ ਨਹੀਂ ਕਰਵਾ ਸਕਿਆ, ਇਹ ਮੇਰੀ ਅਸਫ਼ਲਤਾ ਹੈ। ਮੈਂ ਰਾਜਸਥਾਨ ਵਿਚ ਵਾਪਰੀ ਘਟਨਾ ਲਈ ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ ਹੈ।

ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੈਂ ਰਾਜਸਥਾਨ ਦਾ ਮੁੱਖ ਮੰਤਰੀ ਬਣਿਆ ਰਹਾਂਗਾ ਜਾਂ ਨਹੀਂ ਇਸ ਬਾਰੇ ਫ਼ੈਸਲਾ ਸੋਨੀਆ ਗਾਂਧੀ ਹੀ ਲੈਣਗੇ। ਗਹਿਲੋਤ ਨੇ ਕਿਹਾ ਕਿ ਦੋ ਦਿਨ ਪਹਿਲਾਂ ਰਾਜਸਥਾਨ 'ਚ ਜੋ ਹੋਇਆ ਉਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ 50 ਸਾਲਾਂ ਵਿਚ, ਰਾਜੀਵ ਜੀ ਤੋਂ ਲੈ ਕੇ ਸੋਨੀਆ ਗਾਂਧੀ ਤੱਕ, ਮੈਂ ਇੱਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕੀਤਾ ਹੈ। ਮੈਂ ਰਾਜਸਥਾਨ ਦਾ ਮੁੱਖ ਮੰਤਰੀ ਹਾਂ, ਅਜਿਹੀ ਸਥਿਤੀ ਵਿਚ ਮੈਂ ਜ਼ਿੰਮੇਵਾਰੀ ਲੈ ਕੇ ਮੁਆਫ਼ੀ ਮੰਗੀ ਹੈ। ਹਾਲਾਂਕਿ ਮੈਂ ਉਸ ਕੰਮ ਵਿਚ ਸ਼ਾਮਲ ਨਹੀਂ ਸੀ। ਕਈ ਵਾਰ ਮੀਡੀਆ ਆਪਣੀ ਮਰਜ਼ੀ ਨਾਲ ਲਿਖਦਾ ਹੈ, ਜਦਕਿ ਅਸਲ ਗੱਲ ਕੁਝ ਹੋਰ ਹੁੰਦੀ ਹੈ।