ਹਿਮਾਚਲ 'ਚ ਮਾਈਨਿੰਗ ਮਾਫ਼ੀਆ 'ਤੇ ED ਦਾ ਸ਼ਿਕੰਜ਼ਾ, ਨਾਜਾਇਜ਼ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਉਣ ਵਾਲਾ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ-ਊਨਾ ਸਰਹੱਦ ਦੀਆਂ ਤਸਵੀਰਾਂ ਵੀ ਜਾਰੀ

ED crackdown on mining mafia in Himachal

 

ਹਿਮਾਚਲ - ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪੰਜਾਬ ਤੋਂ ਹਿਮਾਚਲ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇਲਾਕਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਬਾਅਦ ਸੋਮਵਾਰ ਨੂੰ ਇਕ ਦੋਸ਼ੀ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਲਖਵਿੰਦਰ ਸਿੰਘ ਊਨਾ ਵਿਚ ਸਟੋਨ ਕਰੱਸ਼ਰ ਚਲਾਉਂਦਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਸਾਰੀ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ। ਜਿਸ ਵਿਚ ਗੈਰ-ਵਿਗਿਆਨਕ ਤਰੀਕੇ ਨਾਲ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਉਣ ਦੇ ਦੋਸ਼ ਲੱਗੇ ਸਨ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਖਵਿੰਦਰ ਦੇ ਨਾਲ-ਨਾਲ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਮਾਨਵ ਖੰਨਾ, ਵਿਸ਼ਾਲ ਉਰਫ਼ ਵਿੱਕੀ ਅਤੇ ਨੀਰਜ ਪ੍ਰਭਾਕਰ ਨੂੰ ਵੀ ਨਾਮਜ਼ਦ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਪੰਚਕੂਲਾ, ਮੋਹਾਲੀ ਅਤੇ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਜਿੱਥੇ ਵੀ ਇਨ੍ਹਾਂ ਦੇ ਸਬੰਧ ਹਨ, ਉੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਪਹੁੰਚ ਗਏ ਸਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। 

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲਖਵਿੰਦਰ ਸਿੰਘ ਖਿਲਾਫ਼ ਪੀਐਮਐਲਏ ਐਕਟ 2000 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਲਖਵਿੰਦਰ ਸਿੰਘ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਮੁੱਖ ਸਰਗਨਾ ਹੈ। ਉਸ ਦੇ ਨਾਂ 'ਤੇ ਮਾਈਨਿੰਗ ਦੇ ਕਈ ਠੇਕੇ ਹਨ। ਲਖਵਿੰਦਰ ਦੇ ਊਨਾ ਜ਼ਿਲ੍ਹੇ ਵਿਚ ਹੀ ਕਈ ਸਟੋਨ ਕਰੱਸ਼ਰ ਅਤੇ ਮਾਈਨਿੰਗ ਸਾਈਟ ਹਨ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਨਾਲ ਲੱਗਦੇ ਊਨਾ ਜ਼ਿਲ੍ਹੇ ਦੇ ਹਰੋਲੀ ਇਲਾਕੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰੋਲੀ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਵੱਡਾ ਹੋਣ 'ਤੇ ਈਡੀ ਨੇ ਇਸ ਨੂੰ ਆਪਣੇ ਹੱਥਾਂ 'ਚ ਲਿਆ ਅਤੇ ਇਸ 'ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ। ਈਡੀ ਨੇ ਉਨ੍ਹਾਂ ਥਾਵਾਂ ਦੀ ਮੀਟਰਿੰਗ ਵੀ ਕੀਤੀ ਸੀ ਜਿੱਥੇ ਲਖਵਿੰਦਰ ਨੇ ਪਿਛਲੇ ਸਮੇਂ ਵਿਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਇੰਨਾ ਹੀ ਨਹੀਂ ਡਰੋਨ ਰਾਹੀਂ ਫੋਟੋਗ੍ਰਾਫੀ ਦੇ ਨਾਲ-ਨਾਲ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। 

ਹਿਮਾਚਲ ਪ੍ਰਦੇਸ਼ ਵਿਚ ਮਾਈਨਿੰਗ ਮਾਫ਼ੀਆ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ, ਜਿਸ ਵਿਚ ਈਡੀ ਖ਼ੁਦ ਜਾਂਚ ਕਰ ਰਹੀ ਹੈ। ਲਖਵਿੰਦਰ ਤੋਂ ਅੱਗੇ ਸਾਮਾਨ ਵੇਚਣ ਵਾਲੇ ਠੇਕੇਦਾਰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ 'ਤੇ ਹਨ। ਪੰਜਾਬ ਦੇ ਲੋਕਾਂ ਸਮੇਤ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਕਈ ਲੋਕਾਂ 'ਤੇ ਈਡੀ ਵੱਲੋਂ ਜਲਦ ਹੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।