ਤਾਜ ਮਹਿਲ ਨੇੜਲੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਵੱਡਾ ਖ਼ਤਰਾ, ਜਾਣੋ ਕੀ ਹੈ ਕਾਰਨ
40 ਹਜ਼ਾਰ ਤੋਂ 50 ਹਜ਼ਾਰ ਲੋਕਾਂ 'ਤੇ ਪਵੇਗੀ ਮਾਰ, ਬਣਿਆ ਚਿੰਤਾ ਦਾ ਵਿਸ਼ਾ
ਆਗਰਾ- ਸੁਪਰੀਮ ਕੋਰਟ ਵੱਲੋਂ ਤਾਜ ਮਹਿਲ ਦੇ 500 ਮੀਟਰ ਦੇ ਘੇਰੇ ਵਿੱਚ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ, ਇਸ ਇਲਾਕੇ ਦੇ ਦੁਕਾਨਦਾਰ ਆਪਣੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਮੁਸ਼ਕਿਲਾਂ 'ਚ ਘਿਰਿਆ ਮਹਿਸੂਸ ਕਰ ਰਹੇ ਹਨ।
ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਇਲਾਕੇ ਦੇ ਲਗਭਗ 500 ਰੈਸਟੋਰੈਂਟ, ਕੱਪੜੇ ਦੀਆਂ ਦੁਕਾਨਾਂ,ਹੋਟਲ, ਕੈਫ਼ੇ ਅਤੇ ਹੋਰ ਕਾਰੋਬਾਰੀ ਅਦਾਰਿਆਂ ਦੀ ਮਾਰ ਹੇਠ ਆ ਜਾਣ ਦੀ ਸੰਭਾਵਨਾ ਹੈ। ਸੋਮਵਾਰ 26 ਸਤੰਬਰ ਨੂੰ ਦਿੱਤੇ ਤਾਜ਼ਾ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਆਗਰਾ ਵਿਕਾਸ ਅਥਾਰਟੀ (ਏ.ਡੀ.ਏ.) ਨੂੰ ਤਾਜ ਮਹਿਲ ਦੇ 500 ਮੀਟਰ ਦੇ ਦਾਇਰੇ 'ਚ ਵਪਾਰਕ ਗਤੀਵਿਧੀਆਂ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ।
ਏਡੀਏ ਨੇ ਕਾਰੋਬਾਰਾਂ ਦੇ ਸਰਵੇਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਸਰਵੇਖਣ ਪੂਰਾ ਹੋਣ ਤੋਂ ਬਾਅਦ ਕਾਰੋਬਾਰਾਂ ਦੀ ਪਛਾਣ ਕੀਤੀ ਜਾਵੇਗੀ, ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ।
ਸੁਪਰੀਮ ਕੋਰਟ ਦਾ ਇਹ ਹੁਕਮ ਉਨ੍ਹਾਂ 71 ਦੁਕਾਨਦਾਰਾਂ ਦੀ ਅਰਜ਼ੀ ਦੇ ਜਵਾਬ ਵਿੱਚ ਆਇਆ, ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ 1993 ਵਿੱਚ ਵੈਸਟ ਗੇਟ ਨੇੜਿਓਂ ਹਟਾ ਦਿੱਤਾ ਗਿਆ ਸੀ, ਜਦ ਕਿ ਹੋਰ ਕਾਰੋਬਾਰੀ ਗਤੀਵਿਧੀਆਂ ਜਾਰੀ ਰਹੀਆਂ।
ਸਥਾਨਕ ਲੋਕਾਂ ਅਤੇ ਕਾਰੋਬਾਰੀਆਂ ਨੇ ਅੱਗੇ ਦੀ ਯੋਜਨਾ ਬਣਾਉਣ ਲਈ ਇੱਕ ਬੈਠਕ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਤਕਰੀਬਨ 40,000 ਤੋਂ 50,000 ਲੋਕ ਪ੍ਰਭਾਵਿਤ ਹੋਣਗੇ, ਕਿਉਂਕਿ ਤਾਜਗੰਜ ਖੇਤਰ ਵਿੱਚ ਦੁਕਾਨਾਂ, ਫ਼ੈਕਟਰੀਆਂ ਅਤੇ ਹੋਟਲਾਂ ਦੇ ਕਾਮੇ ਆਪਣੀਆਂ ਨੌਕਰੀਆਂ ਗੁਆ ਬੈਠਣਗੇ।