Nepal Flood News: ਨੇਪਾਲ 'ਚ ਭਾਰੀ ਮੀਂਹ ਕਾਰਨ ਪ੍ਰੀਖਿਆਵਾਂ ਮੁਲਤਵੀ, ਕਲਾਸਾਂ ਤਿੰਨ ਦਿਨਾਂ ਲਈ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Nepal Flood News: ਲਗਾਤਾਰ ਮੀਂਹ ਕਾਰਨ ਹੁਣ ਤੱਕ 112 ਲੋਕਾਂ ਦੀ ਹੋ ਚੁੱਕੀ ਮੌਤ

Nepal Flood News in punjabi

Nepal Flood News in punjabi: ਨੇਪਾਲ ਵਿੱਚ ਲਗਾਤਾਰ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 112 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਾਲ ਦੇ ਕਈ ਹਿੱਸਿਆਂ 'ਚ ਵੀਰਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਆਫਤ ਅਧਿਕਾਰੀਆਂ ਨੇ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਨੇਪਾਲ ਪੁਲਿਸ ਦੇ ਉਪ ਬੁਲਾਰੇ ਬਿਸ਼ਵਾ ਅਧਿਕਾਰੀ ਨੇ ਦੱਸਿਆ ਕਿ ਨੇਪਾਲ 'ਚ ਲਗਾਤਾਰ ਮੀਂਹ ਕਾਰਨ 112  ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 34 ਦੀ ਮੌਤ ਕਾਠਮੰਡੂ ਘਾਟੀ 'ਚ ਹੋਈ। ਉਨ੍ਹਾਂ ਦੱਸਿਆ ਕਿ ਹੜ੍ਹ ਵਿਚ 60 ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਦਰਜਨਾਂ ਲਾਪਤਾ ਹਨ, ਜਿਨ੍ਹਾਂ ਵਿੱਚੋਂ 16 ਕਾਠਮੰਡੂ ਘਾਟੀ ਵਿੱਚ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੂੰ ਵੀ ਬਚਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ 'ਚ 63 ਥਾਵਾਂ 'ਤੇ ਮੁੱਖ ਮਾਰਗਾਂ ਨੂੰ ਰੋਕ ਦਿੱਤਾ ਗਿਆ ਹੈ।

ਇਸ ਦੌਰਾਨ, ਕਾਰਜਕਾਰੀ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਪ੍ਰਕਾਸ਼ ਮਾਨ ਸਿੰਘ ਨੇ ਗ੍ਰਹਿ ਮੰਤਰੀ, ਗ੍ਰਹਿ ਸਕੱਤਰ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਸਮੇਤ ਵੱਖ-ਵੱਖ ਮੰਤਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ ਅਤੇ ਉਨ੍ਹਾਂ ਨੂੰ ਖੋਜ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਰਕਾਰ ਨੇ ਨੇਪਾਲ ਦੇ ਸਾਰੇ ਸਕੂਲਾਂ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਅਤੇ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਹੁਕਮ ਦਿੱਤੇ ਹਨ। ਹੜ੍ਹਾਂ ਕਾਰਨ ਮੁੱਖ ਬਿਜਲੀ ਲਾਈਨਾਂ ਦੇ ਟੁੱਟਣ ਕਾਰਨ ਕਾਠਮੰਡੂ ਵਿੱਚ ਦਿਨ ਭਰ ਬਿਜਲੀ ਠੱਪ ਰਹੀ ਪਰ ਸ਼ਾਮ ਨੂੰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਾਠਮੰਡੂ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਗਏ ਹਨ।