ਬਦਲਾਪੁਰ ਜਿਨਸੀ ਸੋਸ਼ਣ ਮਾਮਲੇ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਲਾਸ਼ ਉਲਹਾਸਨਗਰ ਸ਼ਮਸ਼ਾਨਘਾਟ ’ਚ ਦਫਨਾਈ ਗਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਸ਼ੈ ਸ਼ਿੰਦੇ ਦੇ ਪਰਵਾਰ ਨੂੰ ਲਾਸ਼ ਨੂੰ ਦਫਨਾਉਣ ਲਈ ਜਗ੍ਹਾ ਲੱਭਣ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ

Akshay Shinde

ਠਾਣੇ : ਬਦਲਾਪੁਰ ਜਿਨਸੀ ਸੋਸ਼ਣ ਮਾਮਲੇ ’ਚ ਦੋਸ਼ੀ ਅਕਸ਼ੈ ਸ਼ਿੰਦੇ ਦੀ ਲਾਸ਼ ਐਤਵਾਰ ਨੂੰ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਦੇ ਸ਼ਮਸ਼ਾਨਘਾਟ ’ਚ ਦਫਨਾਈ ਗਈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ । 

ਅਧਿਕਾਰੀ ਨੇ ਦਸਿਆ ਕਿ ਕੁੱਝ ਸਥਾਨਕ ਨਿਵਾਸੀ ਅਤੇ ਸੰਗਠਨ ਇਸ ਕਦਮ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਲਾਸ਼ ਨੂੰ ਸ਼ਾਂਤੀਨਗਰ ਸ਼ਮਸ਼ਾਨਘਾਟ ’ਚ ਸ਼ਾਮ ਕਰੀਬ 6 ਵਜੇ ਦਫਨਾਇਆ ਗਿਆ। 

ਪੁਲਿਸ ਮੁਤਾਬਕ 23 ਸਤੰਬਰ ਨੂੰ ਅਕਸ਼ੈ ਸ਼ਿੰਦੇ ਨੂੰ ਉਸ ਦੀ ਸਾਬਕਾ ਪਤਨੀ ਵਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ਨਾਲ ਜੁੜੇ ਇਕ ਮਾਮਲੇ ’ਚ ਪੁਲਿਸ ਵਾਹਨ ’ਚ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਬਦਲਾਪੁਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਠਾਣੇ ਦੇ ਮੁੰਬਰਾ ਬਾਈਪਾਸ ਨੇੜੇ ਕਥਿਤ ਤੌਰ ’ਤੇ ਇਕ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਲਈ ਅਤੇ ਫਾਇਰਿੰਗ ਕਰ ਦਿਤੀ, ਜਿਸ ’ਚ ਉਹ ਜ਼ਖਮੀ ਹੋ ਗਿਆ। ਬਾਅਦ ’ਚ ਉਹ ਕਥਿਤ ਤੌਰ ’ਤੇ ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ’ਚ ਮਾਰਿਆ ਗਿਆ ਸੀ। 

ਉਦੋਂ ਤੋਂ ਉਸ ਦੀ ਲਾਸ਼ ਕਲਵਾ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ ਸੀ। ਪੁਲਿਸ ਅਤੇ ਅਕਸ਼ੈ ਸ਼ਿੰਦੇ ਦੇ ਪਰਵਾਰ ਨੂੰ ਲਾਸ਼ ਨੂੰ ਦਫਨਾਉਣ ਲਈ ਜਗ੍ਹਾ ਲੱਭਣ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਥਾਨਕ ਵਸਨੀਕ ਅਤੇ ਐਮ.ਐਨ.ਐਸ. ਅਤੇ ਸ਼ਿਵ ਫ਼ੌਜ ਵਰਗੇ ਸੰਗਠਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਸ਼ਿੰਦੇ ਨੂੰ ਕੁੱਝ ਦਿਨ ਪਹਿਲਾਂ ਬਦਲਾਪੁਰ ਦੇ ਇਕ ਸਕੂਲ ’ਚ ਦੋ ਨਾਬਾਲਗ ਲੜਕੀਆਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ’ਚ 17 ਅਗੱਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।