ਹਾਥਰਸ ਦੇ ਘਰ ’ਚ ਮਿਲਿਆ 30 ਸਾਲ ਪਹਿਲਾਂ ਦਫਨਾਇਆ ਗਿਆ ਵਿਅਕਤੀ ਦਾ ਪਿੰਜਰ, ਜਾਣੋ ਕੀ ਹੈ ਮਾਮਲਾ
ਸਨਿਚਰਵਾਰ ਨੂੰ ਪੰਜਾਬੀ ਸਿੰਘ ਨੇ ਅਪਣੀ ਮਾਂ, ਦੋ ਵੱਡੇ ਭਰਾਵਾਂ ਅਤੇ ਉਸੇ ਪਿੰਡ ਦੇ ਵਸਨੀਕ ਵਿਰੁਧ ਕੇਸ ਸ਼ਿਕਾਇਤ ਕੀਤੀ ਸੀ
ਆਗਰਾ : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਕਰੀਬ 30 ਸਾਲ ਪਹਿਲਾਂ ਲਾਪਤਾ ਹੋਏ ਇਕ ਵਿਅਕਤੀ ਦਾ ਪਿੰਜਰ ਇਕ ਘਰ ਦੇ ਵਿਹੜੇ ’ਚੋਂ ਮਿਲਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਕਰ ਲਈ ਹੈ। ਅਧਿਕਾਰੀਆਂ ਨੇ ਦਸਿਆ ਕਿ ਹਾਥਰਸ ਦੇ ਮੁਰਸਨ ਥਾਣਾ ਖੇਤਰ ਦੇ ਗਿਲੋਂਦਪੁਰ ਪਿੰਡ ਦੇ ਇਕ ਘਰ ’ਚੋਂ ਪਿਛਲੇ ਵੀਰਵਾਰ ਨੂੰ ਇਕ ਮਨੁੱਖੀ ਪਿੰਜਰ ਮਿਲਿਆ ਸੀ ਅਤੇ ਸ਼ੱਕ ਹੈ ਕਿ ਇਹ ਪਿੰਜਰ ਬੁੱਧ ਸਿੰਘ ਦਾ ਹੈ, ਜੋ 1994 ’ਚ ਲਾਪਤਾ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਪੰਜਾਬੀ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।
ਪਰਵਾਰ ਦੇ ਸੱਭ ਤੋਂ ਛੋਟੇ ਬੇਟੇ ਪੰਜਾਬੀ ਸਿੰਘ ਨੇ ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਪਾਂਡੇ ਦੇ ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਦਾ 30 ਸਾਲ ਪਹਿਲਾਂ ਕਤਲ ਕਰ ਦਿਤਾ ਗਿਆ ਸੀ ਅਤੇ ਉਸ ਦੇ ਦੋ ਵੱਡੇ ਭਰਾ ਅਤੇ ਉਸੇ ਪਿੰਡ ਦੇ ਵਸਨੀਕ ਨੇ, ਜਿਨ੍ਹਾਂ ਨੇ ਉਸ ਦੇ ਪਿਤਾ ਦੀ ਲਾਸ਼ ਨੂੰ ਘਰ ਵਿਚ ਹੀ ਦਫਨਾ ਦਿਤਾ ਸੀ।
ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ’ਤੇ ਪੁਲਿਸ ਦੀ ਮੌਜੂਦਗੀ ’ਚ ਪਿਛਲੇ ਵੀਰਵਾਰ ਰਾਤ ਕਰੀਬ 9 ਵਜੇ ਖੁਦਾਈ ਦਾ ਕੰਮ ਸ਼ੁਰੂ ਹੋਇਆ ਅਤੇ ਇਕ ਪਿੰਜਰ ਮਿਲਿਆ। ਮੁਰਸਨ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਸਿੰਘ ਨੇ ਸ਼ੁਕਰਵਾਰ ਨੂੰ ਦਸਿਆ ਕਿ ਪੰਜਾਬੀ ਸਿੰਘ ਨੇ ਅਪਣੇ ਪਿਤਾ ਬੁੱਧ ਸਿੰਘ ਦੇ ਕਤਲ ਦੀ ਸ਼ਿਕਾਇਤ ਹਾਥਰਸ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ’ਚ ਦਰਜ ਕਰਵਾਈ ਸੀ।
ਉਨ੍ਹਾਂ ਦਸਿਆ ਕਿ ਪੁਲਿਸ ਨੇ ਸਨਿਚਰਵਾਰ ਨੂੰ ਪੰਜਾਬੀ ਸਿੰਘ ਦੀ ਮਾਂ, ਦੋ ਵੱਡੇ ਭਰਾਵਾਂ ਅਤੇ ਉਸੇ ਪਿੰਡ ਦੇ ਵਸਨੀਕ ਵਿਰੁਧ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਵਿਜੈ ਕੁਮਾਰ ਸਿੰਘ ਨੇ ਕਿਹਾ, ‘‘ਪੰਜਾਬੀ ਸਿੰਘ ਨੇ ਸਾਨੂੰ ਦਸਿਆ ਕਿ ਉਸ ਦੇ ਪਿਤਾ ਬੁੱਧ ਸਿੰਘ ਦਾ ਕਤਲ ਉਸ ਦੇ ਦੋ ਵੱਡੇ ਭਰਾਵਾਂ ਅਤੇ ਪਿੰਡ ਦੇ ਇਕ ਹੋਰ ਵਿਅਕਤੀ ਨੇ ਕੀਤਾ ਸੀ।’’ ਉਨ੍ਹਾਂ ਦਸਿਆ ਕਿ ਬੁੱਧ ਸਿੰਘ ਦੀ ਮੌਤ ਸਮੇਂ ਪੰਜਾਬੀ ਦੀ ਉਮਰ 9 ਸਾਲ ਸੀ।
ਐਸ.ਐਚ.ਓ. ਨੇ ਦਸਿਆ ਕਿ ਖੁਦਾਈ ਦੌਰਾਨ ਘਰ ਤੋਂ ਬਰਾਮਦ ਹੋਏ ਪਿੰਜਰ ਨੂੰ ਪੋਸਟਮਾਰਟਮ ਅਤੇ ਡੀ.ਐਨ.ਏ. ਟੈਸਟ ਲਈ ਭੇਜ ਦਿਤਾ ਗਿਆ ਹੈ। ਪੇਸ਼ੇ ਤੋਂ ਕਿਸਾਨ ਰਹੇ ਬੁੱਧ ਸਿੰਘ ਅਤੇ ਉਸ ਦੀ ਪਤਨੀ ਉਰਮਿਲਾ ਦੇ ਚਾਰ ਪੁੱਤਰ ਪ੍ਰਦੀਪ, ਮੁਕੇਸ਼, ਬਸਤੀਰਾਮ ਅਤੇ ਪੰਜਾਬੀ ਸਿੰਘ ਹਨ। ਬੁੱਧ ਸਿੰਘ 1994 ਵਿਚ ਅਪਣੇ ਘਰੋਂ ਲਾਪਤਾ ਹੋ ਗਿਆ ਸੀ ਅਤੇ ਕਦੇ ਵਾਪਸ ਨਹੀਂ ਆਇਆ।
ਸ਼ਿਕਾਇਤਕਰਤਾ ਪੰਜਾਬੀ ਸਿੰਘ ਨੇ ਪੁਲਿਸ ਨੂੰ ਦਸਿਆ ਕਿ 30 ਸਾਲ ਪਹਿਲਾਂ ਜੂਨ 1994 ਵਿਚ ਉਸ ਦੇ ਪਿਤਾ ਅਤੇ ਵੱਡੇ ਭਰਾਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਦੇ ਲਾਪਤਾ ਹੋਣ ਪਿੱਛੇ ਉਸ ਦੇ ਭਰਾਵਾਂ ਦਾ ਹੱਥ ਹੈ। ਪੁਲਿਸ ਅਨੁਸਾਰ ਪੰਜਾਬੀ ਸਿੰਘ ਨੂੰ ਇਹ ਵੀ ਸ਼ੱਕ ਸੀ ਕਿ ਉਸ ਦੇ ਭਰਾਵਾਂ ਨੇ ਅਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਘਰ ’ਚ ਦਫਨਾਇਆ ਸੀ।