ਰੇਲਵੇ ਹਸਪਤਾਲ ਦੇ ਟਾਇਲਟ 'ਚ ਲਗਾਈਆਂ ਸਪਾ ਦੇ ਝੰਡੇ ਦੇ ਰੰਗ ਦੀਆਂ ਟਾਈਲਾਂ, ਰਾਜਨੀਤਿਕ ਹਲਚਲ ਸ਼ੁਰੂ
ਸਮਾਜਵਾਦੀ ਪਾਰਟੀ ਨੇ ਇਸ ਬਾਰੇ ਟਵਿੱਟਰ 'ਤੇ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲਵੇ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ
ਗੋਰਖਪੁਰ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਰੇਲਵੇ ਹਸਪਤਾਲ ਦੇ ਟਾਇਲਟ ਵਿਚ ਟਾਈਲਾਂ ਦੇ ਰੰਗ ਨੂੰ ਸਮਾਜਵਾਦੀ ਪਾਰਟੀ ਦੇ ਝੰਡੇ ਦਾ ਰੰਗ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਇੱਕ ਰਾਜਨੀਤਿਕ ਹਲਚਲ ਪੈਦਾ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਦੀ ਤਸਵੀਰ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਬਦਲਿਆ ਜਾਵੇ। ਸਮਾਜਵਾਦੀ ਪਾਰਟੀ ਨੇ ਇਸ ਨੂੰ ਭ੍ਰਿਸ਼ਟ ਸੋਚ ਅਤੇ ਗਲਤ ਮਾਨਸਿਕਤਾ ਨਾਲ ਰਾਜਨੀਤੀ ਕਿਹਾ ਹੈ।
ਸਮਾਜਵਾਦੀ ਪਾਰਟੀ ਨੇ ਇੱਕ ਟਵੀਟ ਕਰ ਕੇ ਲਿਖਿਆ ਹੈ ਕਿ, ‘ਭ੍ਰਿਸ਼ਟਾਚਾਰੀ ਸੋਚ ਵਾਲੇ ਸਿਆਸਤਦਾਨਾਂ ਵੱਲੋਂ ਸਿਆਸੀ ਨਫ਼ਰਤ ਕਾਰਨ ਗੋਰਖਪੁਰ ਰੇਲਵੇ ਹਸਪਤਾਲ ਵਿਚ ਸਪਾ ਦੇ ਝੰਡੇ ਦੇ ਰੰਗ ਵਰਗਾ ਪੇਂਟ ਪਖਾਨੇ ਦੀਆਂ ਕੰਧਾਂ ਨੂੰ ਕੀਤਾ ਗਿਆ ਹੈ ਜੋ ਕਿ ਸ਼ਰਮਨਾਕ ਹੈ। ਕਿਸੇ ਵੱਡੀ ਰਾਜਨੀਤਿਕ ਪਾਰਟੀ ਦੇ ਝੰਡੇ ਦੇ ਰੰਗਾਂ ਦਾ ਅਪਮਾਨ ਬਿਲਕੁਲ ਨਿੰਦਣਯੋਗ ਹੈ। ਇਸ ਗੱਲ ਦਾ ਨੋਟਿਸ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਸਮਾਜਵਾਦੀ ਪਾਰਟੀ ਨੇ ਇਸ ਬਾਰੇ ਟਵਿੱਟਰ 'ਤੇ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲਵੇ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ। ਦਰਅਸਲ ਹਸਪਤਾਲ ਦੇ ਬਾਹਰ ਬਣੇ ਪਬਲਿਕ ਟਾਇਲਟ ਦੀਆਂ ਕੰਧਾਂ 'ਤੇ ਲਾਲ ਅਤੇ ਹਰਾ ਰੰਗ ਕੀਤਾ ਗਿਆ ਹੈ ਜੋ ਕਿ ਸਮਾਜਵਾਦੀ ਪਾਰਟੀ ਦੇ ਝੰਡੇ ਦਾ ਵੀ ਰੰਗ ਹੈ। ਫਿਲਹਾਲ ਇਸ ਦੋਸ਼ 'ਤੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਟਵਿੱਟਰ 'ਤੇ ਇਸ ਦੀ ਕਾਫ਼ੀ ਚਰਚਾ ਹੋ ਰਹ ਹੈ।